ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਮੋਹਾਲੀ ਤੋਂ ਇਕ ਦਿਲ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ ਮਹਿਜ਼ 17 ਦਿਨ ਬਾਅਦ ਹੀ ਇਥੋਂ ਦੇ ਮਸ਼ਹੂਰ ਹਸਪਤਾਲ ਆਈ. ਵੀ. ਆਈ. ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵਾਂਕ ਵਾਜਪਾਈ ਵਜੋਂ ਹੋਈ ਹੈ ਜੋ ਕਿ ਮੌਜੂਦਾ ਸਮੇਂ ਅਮਰੀਕਾ ਦੇ ਕੈਲੇਫੋਰਨੀਆ ਦੀ ਕੰਪਨੀ ਵਿਚ ਨੌਕਰੀ ਕਰਦਾ ਸੀ ਅਤੇ ਕਾਨਪੁਰ ਦਾ ਰਹਿਣ ਵਾਲਾ ਸੀ ।
ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਮ੍ਰਿਤਕ ਦੀ ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਉਸ ਦਾ 29 ਸਾਲਾ ਪੁੱਤ ਅਮਰੀਕਾ ਤੋਂ ਪਰਤਿਆ ਸੀ ਅਤੇ 17 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਦੇ ਤਾਜ ਹੋਟਲ ’ਚ ਹਨੀਮੂੰਨ ਲਈ ਆਇਆ ਸੀ ਪਰ ਇਸ ਦੌਰਾਨ ਉਸ ਨੂੰ ਸਾਹ ਦੀ ਤਕਲੀਫ ਹੋ ਗਈ। ਪਹਿਲਾਂ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਆਈ. ਵੀ. ਆਈ. ਹਸਪਤਾਲ ਭੇਜ ਦਿੱਤਾ ਗਿਆ।
ਮ੍ਰਿਤਕ ਦੀ ਮਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਥੇ ਡਾਕਟਰਾਂ ਨੇ ਪਹਿਲਾਂ ਸ਼ਿਵਾਂਕ ਦੀ ਰਿਪੋਰਟ ਨੈਗੇਟਿਵ ਦੱਸੀ ਅਤੇ ਦੂਜੇ ਦਿਨ ਕਿਹਾ ਕਿ ਉਸ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਲਗਭਗ 1 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਿਵਾਂਕ ਬਿਲਕੁਲ ਠੀਕ ਹੈ ਪਰ ਤਿੰਨ ਘੰਟੇ ਬਾਅਦ ਹੀ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਗਿਆ ਕਿ ਸ਼ਿਵਾਂਕ ਦੀ ਹਾਲਤ ਗੰਭੀਰ ਹੈ ਅਤੇ ਜਦੋਂ ਉਹ ਹਸਪਤਾਲ ਆ ਰਹੇ ਸਨ ਤਾਂ ਉਨ੍ਹਾਂ ਨੂੰ ਦੱਸਿਆ ਕਿ ਸ਼ਿਵਾਂਕ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦਾ ਪੁੱਤਰ ਨਾ ਤਾਂ ਕੋਈ ਨਸ਼ਾ ਕਰਦਾ ਸੀ ਅਤੇ ਨਾ ਹੀ ਉਸ ਨੂੰ ਕੋਈ ਤਕਲੀਫ਼ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।