ਦਿੱਲੀ ਪੁਲੀਸ ਨੇ ਛਤਰਸਾਲ ਸਟੇਡੀਅਮ ’ਚ ਹਿੰਸਾ ਦੌਰਾਨ ਸਾਬਕਾ ਜੂਨੀਅਰ ਨੈਸ਼ਨਲ ਚੈਂਪੀਅਨ ਪਹਿਲਵਾਨ ਸਾਗਰ ਧਨਖੜ ਦੇ ਕਥਿਤ ਕਤਲ ਦੇ ਮਾਮਲੇ ’ਚ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਤੇ 19 ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਹੈ। ਮੁੱਖ ਮੈਟਰੋਪੌਲੀਟਨ ਮੈਜਿਸਟਰੇਟੇ ਸਤਵੀਰ ਸਿੰਘ ਲਾਂਬਾ ਦੀ ਅਦਾਲਤ ’ਚ ਪੇਸ਼ ਇਸ ਦੋਸ਼ ਪੱਤਰ ਵਿੱਚ ਸੁਸ਼ੀਲ ਕੁਮਾਰ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।
ਕਰਾਈਮ ਬ੍ਰਾਂਚ ਦੀ ਕਰੀਬ 3 ਮਹੀਨੇ ਦੀ ਤਫਤੀਸ਼ ‘ਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ‘ਚ ਸੁਸ਼ੀਲ ਕੁਮਾਰ ਸਮੇਤ ਕੁੱਲ 20 ਮੁਲਜ਼ਮ ਸ਼ਾਮਿਲ ਹਨ, ਜਿਨ੍ਹਾਂ ‘ਚ ਹੁਣ ਤੱਕ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਸਪੈਸ਼ਲ ਸੈੱਲ ਨੇ ਕੁੱਲ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ 4 ਤੇ 5 ਮਈ ਦੀ ਦਰਮਿਆਨੀ ਰਾਤ ਨੂੰ ਕਥਿਤ ਤੌਰ ’ਤੇ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਸਾਗਰ ਧਨਖੜ (23) ਅਤੇ ਉਸ ਦੇ ਦੋ ਸਾਥੀਆਂ ’ਤੇ ਹਮਲਾ ਕਰ ਦਿੱਤਾ ਸੀ। ਬਾਅਦ ’ਚ ਜ਼ਖ਼ਮੀ ਸਾਗਰ ਦੀ ਮੌਤ ਹੋ ਗਈ ਸੀ।