ਗੁਰਦਾਸਪੁਰ ਸ਼ਹਿਰ ਤੋਂ ਇੱਕ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਇੱਕ ਕਾਰੋਬਾਰੀ ਦੀ 20 ਸਾਲ ਦੀ ਨੌਜਵਾਨ ਲੜਕੀ ਭੇਦ ਭਰੇ ਹਾਲਾਤਾਂ ਵਿੱਚ ਤਿੰਨ ਦਿਨਾਂ ਤੋਂ ਗਾਇਬ ਹੈ।
ਜਾਣਕਾਰੀ ਅਨੁਸਾਰ ਲੜਕੀ ਘਰੋਂ ਕਾਲਜ ਗਈ ਸੀ ਅਤੇ ਛੁੱਟੀ ਜਲਦੀ ਹੋਣ ਕਾਰਨ ਸਮੇਂ ਤੋਂ ਪਹਿਲਾਂ ਹੀ ਈ-ਰਿਕਸ਼ਾ ਤੇ ਬੈਠ ਕੇ ਕਾਲਜ ਤੋਂ ਨਿਕਲ ਆਈ ਪਰ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਤੋਂ ਭੇਤਭਰੇ ਹਾਲਾਤਾਂ ਵਿੱਚ ਗਾਇਬ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਕੈਮਰੇ ਵਿੱਚ ਉਹ ਸੋਮਵਾਰ ਸਵੇਰੇ 11:30 ਵਜੇ ਕਾਲਜ ਤੋਂ ਨਿਕਲਦੀ ਅਤੇ ਈ ਰਿਕਸ਼ਾ ਤੇ ਬੈਠਦੀ ਨਜ਼ਰ ਆਉਂਦੀ ਹੈ। ਦੂਸਰੇ ਪਾਸੇ ਹਨੁੰਮਾਨ ਚੌਂਕ ਤੱਕ ਦੇ ਵੱਖ-ਵੱਖ ਕੈਮਰਿਆਂ ਵਿੱਚ ਉਹ ਈ ਰਿਕਸ਼ਾ ਵਿੱਚ ਬੈਠੀ ਹੋਈ ਨਜ਼ਰ ਆਉਂਦੀ ਹੈ ਪਰ ਉਸ ਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਲੱਗਦਾ।
ਲੜਕੀ ਦੇ ਪਰੇਸ਼ਾਨ ਮਾਂ ਬਾਪ ਉਸ ਦੀ ਤਸਵੀਰ ਅਤੇ ਆਪਣਾ ਮੋਬਾਈਲ ਨੰਬਰ ਸਾਂਝਾ ਕਰਦੇ ਹੋਏ ਗੁਹਾਰ ਲਗਾ ਰਹੇ ਹਨ ਕਿ ਜੇਕਰ ਕਿਸੇ ਨੂੰ ਵੀ ਲੜਕੀ ਦਾ ਕੋਈ ਸੁਰਾਗ ਮਿਲਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ।
ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਪੁਨੀਤ ਰਾਏ ਅਤੇ ਮਾਤਾ ਜਾਨਵੀ ਰਾਏ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਪ੍ਰਗਤੀ ਜੋ ਇੱਕ ਸਥਾਨਕ ਲੜਕੀਆਂ ਦੇ ਕਾਲਜ ਵਿੱਚ ਪੜਦੀ ਸੋਮਵਾਰ ਨੂੰ ਕਾਲਜ ਤੋਂ 11:30 ਵਜੇ ਈ ਰਿਕਸ਼ਾ ਤੇ ਬੈਠ ਕੇ ਨਿਕਲੀ ਸੀ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ।
ਸੀਸੀ ਟੀਵੀ ਕੈਮਰੇ ਵੇਖਣ ਤੇ ਉਹ ਹਨੁਮਾਨ ਚੌਂਕ ਤੱਕ ਈ ਰਿਕਸ਼ਾ ਵਿੱਚ ਬੈਠੀ ਹੋਈ ਨਜ਼ਰ ਆਉਂਦੀ ਹੈ । ਉਹਨਾਂ ਦੱਸਿਆ ਕਿ ਲੜਕੀ ਕੋਲ ਮੋਬਾਈਲ ਵੀ ਨਹੀਂ ਸੀ । ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਨਾਲ ਕੀ ਵਾਪਰਿਆ ਹੈ।
ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਹਜੇ ਤੱਕ ਕਾਰਵਾਈ ਨਹੀਂ ਕੀਤੀ ਗਈ । ਉਧਰ ਇਸ ਗੁਮਸ਼ੁਦਾ ਲੜਕੀ ਬਾਰੇ ਐਸਐਚਓ ਸਿਟੀ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਲੜਕੀ ਦੀ ਗੁੰਮਸ਼ੁਦਾ ਰਿਪੋਰਟ ਦਰਜ ਕਰ ਲਈ ਗਈ ਹੈ ਤੇ ਲੜਕੀ ਦੀ ਭਰ ਲਈ ਉਸਦੇ ਪੋਸਟਰ ਜਾਰੀ ਕੀਤੇ ਗਏ ਹਨ। ਜਲਦੀ ਹੀ ਲੜਕੀ ਨੂੰ ਲੱਭ ਲਿਆ ਜਾਏਗਾ ।