ਪਾਕਿਸਤਾਨ ਦੇ ਪਹਾੜੀ ਸੈਰ-ਸਪਾਟਾ ਸਥਾਨ ਮੁਰੀ ‘ਚ ਭਾਰੀ ਬਰਫਬਾਰੀ ਅਤੇ ਸੈਲਾਨੀਆਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਵਾਹਨਾਂ ‘ਚ ਫਸ ਜਾਣ ਕਾਰਨ 9 ਬੱਚਿਆਂ ਸਮੇਤ ਕਰੀਬ 21 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਇਸ ਨੂੰ ਆਫਤ ਪ੍ਰਭਾਵਿਤ ਖੇਤਰ ਐਲਾਨ ਕਰ ਦਿੱਤਾ ਗਿਆ। ਰਾਵਲਪਿੰਡੀ ਜ਼ਿਲ੍ਹੇ ‘ਚ ਸਥਿਤ ਮੁਰੀ ਤੱਕ ਜਾਣ ਵਾਲਾ ਹਰ ਰਾਸਤਾ ਉਸ ਸਮੇਂ ਬੰਦ ਹੋ ਗਿਆ ਜਦੋਂ ਹਜ਼ਾਰਾ ਦੀ ਗਿਣਤੀ ਵਿੱਚ ਵਾਹਨ ਸ਼ਹਿਰ ‘ਚ ਆ ਗਏ ਅਤੇ ਸੈਲਾਨੀ ਸੜਕਾਂ ‘ਤੇ ਫਸ ਗਏ।
‘ਡਾਨ’ ਅਖਬਾਰ ਦੀ ਖ਼ਬਰ ਅਨੁਸਾਰ ਕਰੀਬ ਇਕ ਹਜ਼ਾਰ ਕਾਰ ਸੈਰ-ਸਪਾਟਾ ਸਥਾਨ ‘ਤੇ ਫਸ ਗਏ। ਪੰਜਾਬ ਦੇ ਮੁੱਖ ਮੰਤਰੀ ਨੇ ਬਚਾਅ ਕਾਰਜ ‘ਚ ਤੇਜ਼ੀ ਲਿਆਉਣ ਅਤੇ ਫਸੇ ਹੋਏ ਸੈਲਾਨੀਆਂ ਨੂੰ ਮਦਦ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ। ‘ਰੈਸਕਿਊ 1122’ ਵੱਲੋਂ ਬਣਾਈ ਗਈ ਸੂਚੀ ਅਨੁਸਾਰ, 9 ਬੱਚਿਆਂ ਸਮੇਤ ਕਰੀਬ 21 ਲੋਕਾਂ ਦੀ ਮੌਤ ਹੋ ਗਈ ਹੈ।
ਪ੍ਰਾਧਨ ਮੰਤਰੀ ਇਮਰਾਨ ਖਾਨ ਨੇ ਇਕ ਬਿਆਨ ‘ਚ ਕਿਹਾ ਕਿ ਮੁਰੀ ਜਾਣ ਵਾਲੇ ਰਾਸਤਿਆਂ ‘ਤੇ ਸੈਲਾਨੀਆਂ ਦੀ ਮੌਤ ਦੀ ਘਟਨਾ ਨਾਲ ਉਹ ਬਹੁਤ ਦੁਖੀ ਹਨ। ਖਾਨ ਨੇ ਟਵੀਟ ਕੀਤਾ, ”ਜ਼ਬਰਦਸਤ ਬਰਫਬਾਰੀ ਅਤੇ ਮੌਸਮ ਦੀ ਸਥਿਤੀ ਜਾਣੇ ਬਗੈਰ ਭਾਰੀ ਗਿਣਤੀ ‘ਚ ਸੈਲਾਨੀਆਂ ਦੇ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਤਿਆਰੀ ਨਹੀਂ ਕਰ ਸਕਿਆ। ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਅਜਿਹੀ ਤ੍ਰਾਸਦੀ ਦੁਬਾਰਾ ਨਾ ਹੋਵੇ, ਇਸ ਦੇ ਲਈ ਸਖ਼ਤ ਨਿਯਮ ਬਣਾਏ ਜਾ ਰਹੇ ਹਨ।”