Punjab Floods: ਪੰਜਾਬ ਇੱਕ ਬਹੁਤ ਵੱਡੇ ਸੰਕਟ ਨਾਲ ਜੂਝ ਰਿਹਾ ਹੈ ਦੱਸ ਦੇਈਏ ਕਿ ਪੰਜਾਬ ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ।
ਮੁੱਖ ਸਕੱਤਰ KAP ਸਿਨਹਾ ਦੇ ਪੱਤਰ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀਆਂ ਵੀ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਜਲੰਧਰ ਵਿੱਚ ਸਤਲੁਜ ਦਰਿਆ ਦੇ ਓਵਰਫਲੋਅ ਕਾਰਨ ਜ਼ਿਲ੍ਹੇ ਦੇ ਲਗਭਗ 30 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ, ਜਿਸ ਕਾਰਨ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।
ਰਾਜ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਵੀਰਵਾਰ ਨੂੰ ਸੂਬੇ ਦਾ ਦੌਰਾ ਕਰਨਗੇ, ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। ਇਸ ਦੇ ਨਾਲ ਹੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ। ਇੱਥੇ ਉਹ ਹੜ੍ਹਾਂ ਕਾਰਨ ਵਿਗੜੀਆਂ ਸਥਿਤੀਆਂ ਅਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਹੜ੍ਹ ਸੁਰੱਖਿਆ ਅਤੇ ਰਾਹਤ ਕਾਰਜਾਂ ਲਈ ਆਪਣੇ ਸੰਸਦ ਮੈਂਬਰ ਫੰਡ ਵਿੱਚੋਂ 3.25 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਭਾਵਿਤ ਕਿਸਾਨਾਂ ਅਤੇ ਪਰਿਵਾਰਾਂ ਲਈ ਤੁਰੰਤ ਰਾਹਤ ਪੈਕੇਜ ਦੀ ਮੰਗ ਕੀਤੀ ਹੈ।
ਅੱਜ ਸਵੇਰੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਘਰ ਢਹਿ ਗਿਆ। ਘਰ ਵਿੱਚ ਰਹਿਣ ਵਾਲਾ ਵਿਅਕਤੀ ਬਾਹਰ ਹੋਣ ਕਰਕੇ ਸੁਰੱਖਿਅਤ ਸੀ, ਪਰ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਬੀਤੀ ਰਾਤ ਬਰਨਾਲਾ ਵਿੱਚ ਰੁਕ-ਰੁਕ ਕੇ ਹੋਈ ਬਾਰਿਸ਼ ਦੌਰਾਨ ਇੱਕ ਘਰ ਢਹਿ ਗਿਆ, ਜਿਸ ਕਾਰਨ ਇੱਕ ਪਤੀ-ਪਤਨੀ ਦੀ ਮੌਤ ਹੋ ਗਈ।