ਦੇਸ਼ ‘ਚ ਲਗਾਤਾਰ ਤੇਜ਼ੀ ਨਾਲ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਆ ਰਹੀ ਹੈ | ਕੋਰੋਨਾ ਵਾਈਰਸ ਦੀ ਦੂਜੀ ਲਹਿਰ ਦੌਰਾਨ ਬੀਤੇ 24 ਘੰਟਿਆਂ ਅੰਦਰ ਕਰੋਨਾਵਾਇਰਸ ਦੇ ਸਭ ਤੋਂ ਘੱਟ ਕੇਸ ਸਾਹਮਣੇ ਆਏ ਹਨ, 70,421 ਨਵੇਂ ਕੇਸ ਅਤੇ 3,921 ਮੌਤਾਂ ਹੋਈਆਂ ਹਨ |ਜਿਸ ਨਾਲ ਦੇਸ਼ ਵਿਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,95,10,410 ਹੋ ਗਈ ਹੈ। ਇਸ ਤੋਂ ਇਲਾਵਾ ਦੋ ਮਹੀਨਿਆਂ ਬਾਅਦ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਤੋਂ ਹੇਠਾਂ ਆਈ ਹੈ। ਇਹ ਜਾਣਕਾਰੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਦੇਸ਼ ’ਚ ਕਰੋਨਾ ਕਾਰਨ ਹੋਈਆਂ 3,921 ਮੌਤਾਂ ਨਾਲ ਲਾਗ ਕਾਰਨ ਹੁਣ ਤੱਕ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 3,74,305 ਹੋ ਗਈ ਹੈ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 9,73,158 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 3.30 ਫ਼ੀਸਦ ਹੈ ਜਦਕਿ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ ਸੁਧਰ ਕੇ 95.43 ਫ਼ੀਸਦ ਹੋ ਗਈ ਹੈ। ਕਰੋਨਾ ਦੀ ਰੋਜ਼ਾਨਾ ਦੀ ਪਾਜ਼ੇਟਿਵਿਟੀ ਦਰ 4.72 ਫ਼ੀਸਦ ਦਰਜ ਕੀਤੀ ਗਈ ਜੋ ਕਿ ਲਗਾਤਾਰ 21ਵੇਂ ਦਿਨ 10 ਫ਼ੀਸਦ ਤੋਂ ਹੇਠਾਂ ਰਹੀ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਵੀ ਘਟ ਕੇ 4.54 ਫ਼ੀਸਦ ਹੋ ਗਈ ਹੈ। ਅੱਜ ਲਗਾਤਾਰ 32ਵੇਂ ਦਿਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ, ਨਵੇਂ ਕੇਸਾਂ ਨਾਲੋਂ ਵੱਧ ਰਹੀ। ਦੇਸ਼ ਵਿਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.27 ਫ਼ੀਸਦ ਹੈ।