ਚੀਨ ਦੇ ਦੱਖਣੀ ਸੂਬੇ ਜਿਆਂਗਸ਼ੀ ‘ਚ ਇਕ ਵਿਅਕਤੀ ਨੇ ਕਿੰਡਰਗਾਰਟਨ (ਬਾਲਵਾੜੀ) ‘ਤੇ ਹਮਲਾ ਕਰਕੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਜਦਕਿ ਘਟਨਾ ‘ਚ 6 ਹੋਰ ਜ਼ਖਮੀ ਹੋਏ ਹਨ। ਪੁਲਸ ਘਟਨਾ ਤੋਂ ਬਾਅਦ ਫਰਾਰ ਦੋਸ਼ੀ ਦੀ ਭਾਲ ਕਰ ਰਹੀ ਹੈ। ਇਕ ਸੰਖੇਪ ਬਿਆਨ ‘ਚ ਪੁਲਸ ਨੇ ਕਿਹਾ ਕਿ ਸ਼ੱਕੀ ਹਮਲਾਵਰ ਦੀ ਉਮਰ 48 ਸਾਲ ਹੈ ਅਤੇ ਉਸ ਦਾ ਉਪਨਾਮ ਲਿਊ ਹੈ। ਇਸ ਤੋਂ ਇਲਾਵਾ ਸੂਬੇ ਦੇ ਅੰਫੂ ਕਾਊਂਟੀ ‘ਚ ਬੁੱਧਵਾਰ ਸਵੇਰੇ ਹੋਏ ਹਮਲੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਚੀਨ ਨੇ ਹਾਲ ਦੇ ਦਿਨਾਂ ‘ਚ ਸਮਾਜ ਦੇ ਪ੍ਰਤੀ ਨਫਰਤ ਰੱਖਣ ਵਾਲੇ ਜਾਂ ਮਾਨਸਿਕ ਰੋਗ ਨਾਲ ਪੀੜਤ ਲੋਕਾਂ ਵੱਲੋਂ ਕੀਤੇ ਗਏ ਹਮਲਿਆਂ ਦੇ ਮੱਦੇਨਜ਼ਰ ਸੂਕਲਾਂ ਦੀ ਸੁਰੱਖਿਆ ਵਧਾਈ ਗਈ ਹੈ। ਚੀਨ ਲੋਕਾਂ ਨੂੰ ਨਿੱਜੀ ਬੰਦੂਕਾਂ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਇਥੇ ਜ਼ਿਆਦਾਤਰ ਹਮਲੇ ਚਾਕੂ, ਘਰ ‘ਚ ਤਿਆਰ ਵਿਸਫੋਟਕਾਂ ਜਾਂ ਪੈਟਰੋਲ ਬੰਬ ਨਾਲ ਹੁੰਦੇ ਹਨ। ਪਿਛਲੇ ਇਕ ਦਹਾਕੇ ‘ਚ ਅਜਿਹੇ ਹਮਲਿਆਂ ‘ਚ ਕਰੀਬ 100 ਬੱਚੇ ਅਤੇ ਬਾਲਗ ਮਾਰੇ ਗਏ ਹਨ ਜਦਕਿ ਸੈਂਕੜੇ ਲੋਕ ਜ਼ਖਮੀ ਹੋਏ ਹਨ।











