ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 44,111 ਨਵੇਂ ਕੇਸ ਸਾਹਮਣੇ ਆਏ ਹਨ |ਜਿਸ ਨਾਲ ਦੇਸ਼ ’ਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,05,02,362 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਵਿਚ ਹੋਈਆਂ 738 ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 4,01,050 ’ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ ਹੋਈਆਂ ਮੌਤਾਂ ਦੀ ਇਹ ਗਿਣਤੀ 86 ਦਿਨਾਂ ’ਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ। ਦੇਸ਼ ਵਿਚ ਅੱਜ 97 ਦਿਨਾਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ ਪੰਜ ਲੱਖ ਤੋਂ ਘੱਟ 4,95,533 ਦਰਜ ਕੀਤੀ ਗਈ ਜੋ ਕਿ ਕੁੱਲ ਕੇਸਾਂ ਦਾ 1.62 ਫ਼ੀਸਦ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸੁਧਰ ਕੇ 97.06 ਫ਼ੀਸਦ ਹੋ ਗਈ ਹੈ। ਇਸ ਤੋਂ ਇਲਾਵਾ ਕਰੋਨਾ ਦੇ ਰੋਜ਼ਾਨਾ ਦੇ ਕੇਸਾਂ ਦੀ ਪਾਜ਼ੇਟਿਵਿਟੀ ਦਰ 2.35 ਫ਼ੀਸਦ ਦਰਜ ਕੀਤੀ ਗਈ ਜੋ ਕਿ ਲਗਾਤਾਰ 26ਵੇਂ ਦਿਨ 5 ਫ਼ੀਸਦ ਤੋਂ ਘੱਟ ਰਹੀ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਵੀ ਘਟ ਕੇ 2.50 ਫ਼ੀਸਦ ’ਤੇ ਪਹੁੰਚ ਗਈ ਹੈ। ਲਗਾਤਾਰ 51ਵੇਂ ਦਿਨ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਰੀਜ਼ਾਂ ਨਾਲੋਂ ਵੱਧ ਰਹੀ। ਹੁਣ ਤੱਕ 2,96,05,779 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਮੌਤਾਂ ਦੀ ਦਰ 1.31 ਫ਼ੀਸਦ ਹੈ। ਦੇਸ਼ ਭਰ ਵਿਚ ਅੱਜ ਹੋਈਆਂ 738 ਮੌਤਾਂ ਵਿਚੋਂ ਸਭ ਤੋਂ ਮੌਤਾਂ ਵੱਧ 156 ਮਹਾਰਾਸ਼ਟਰ ’ਚ ਹੋਈਆਂ। ਉਸ ਤੋਂ ਬਾਅਦ ਕੇਰਲ ’ਚ 146, ਤਾਮਿਲਨਾਡੂ ’ਚ 97 ਅਤੇ ਕਰਨਾਟਕ ’ਚ ਕਰੋਨਾ ਕਾਰਨ 88 ਮੌਤਾਂ ਹੋਈਆਂ।