ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ‘ਚ ਫ਼ੈਸਲਾ ਕੀਤਾ ਗਿਆ ਕਿ 5 ਜੂਨ ਨੂੰ ‘ਸੰਪੂਰਨ ਕ੍ਰਾਂਤੀ ਦਿਵਸ’ ਵਜੋਂ ਮਨਾਇਆ ਜਾਵੇਗਾ | ਪਿਛਲੇ ਸਾਲ ਇਸੇ ਦਿਨ ਖੇਤੀ-ਕਾਨੂੰਨ ਆਰਡੀਨੈਂਸ ਲਿਆਂਦੇ ਗਏ ਸਨ | ਇਸੇ ਦਿਨ ਹੀ 5 ਜੂਨ, 1974 ਨੂੰ ਜੈਪ੍ਰਕਾਸ਼ ਨਾਰਾਇਣ ਨੇ ਸੰਪੂਰਨ ਕ੍ਰਾਂਤੀ ਦਾ ਨਾਹਰਾ ਦਿੰਦਿਆਂ ਦੇਸ਼ ਵਿਚ ਇਕ ਵਿਸ਼ਾਲ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ | ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਦੇਸ ਵਾਸੀਆਂ ਨੂੰ ਇਸ ਦਿਨ ਕਿਸਾਨੀ ਅੰਦੋਲਨ ਵਿਚ ਅਪਣਾ ਸਮਰਥਨ ਜਾਰੀ ਰਖਣ ਦੀ ਅਪੀਲ ਕੀਤੀ ਅਤੇ ਭਾਜਪਾ ਸੰਸਦ ਮੈਂਬਰ, ਵਿਧਾਇਕਾਂ ਅਤੇ ਹੋਰ ਨੁਮਾਇੰਦਿਆਂ ਦੇ ਘਰਾਂ ਅੱਗੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਅਪੀਲ ਕੀਤੀ | ਮੋਰਚੇ ਨੇ ਸੰਪੂਰਨ ਕ੍ਰਾਂਤੀ ਦਿਵਸ ਸਬੰਧੀ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਸੰਪੂਰਨ ਇਨਕਲਾਬ ਲਈ ਪ੍ਰਣ ਲੈਣ | ਕੇਂਦਰ ਦੀ ਮੋਦੀ ਸਰਕਾਰ ਵਿਰੁਧ ਹੋਰ ਵਿਸ਼ਾਲ-ਲਹਿਰ ਖੜੀ ਕਰਨ ਤਾਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ |ਅੱਜ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਜਾਣੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਬਰਸੀ ਹੈ | ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਖੇਤੀ ਸੈਕਟਰ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹੈ | ਚੌਧਰੀ ਚਰਨ ਸਿੰਘ ਸੱਚਮੁਚ ਦੇਸ਼ ਨੂੰ ‘ਆਤਮਨਿਰਭਰ’ ਬਣਾਉਣਾ ਚਾਹੁੰਦੇ ਸਨ, ਜਿਸ ਵਿਚ ਕਿਸਾਨ-ਮਜ਼ਦੂਰ ਅਤੇ ਪਿੰਡ ਦੇ ਲੋਕ ਖ਼ੁਸ਼ਹਾਲੀ ਨਾਲ ਰਹਿ ਸਕਣ | ਅੱਜ ਕੇਂਦਰ ਦੀ ਮੋਦੀ ਸਰਕਾਰ ਆਤਮਨਿਰਭਰ ਭਾਰਤ ਦਾ ਝੂਠਾ ਨਾਅਰਾ ਦੇ ਕੇ ਕਾਰਪੋਰੇਟਾਂ ਦੀ ਸਰਕਾਰ ਸਾਬਤ ਹੋ ਰਹੀ ਹੈ, ਜਿਥੇ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਹੀ ਨਹੀਂ ਸੁਣਦੀ |
|