ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਵੀਰਭੱਦਰ ਸਿੰਘ ਨੇ ਅੱਜ ਸਵੇਰੇ ਕਰੀਬ 4 ਵਜੇ ਆਖਰੀ ਸਾਹ ਲਏ |ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਐਂਡ ਹਸਪਤਾਲ (IGMC) ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ।
ਦਰਅਸਲ, ਵੀਰਭੱਦਰ ਸਿੰਘ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖਲ ਸੀ। ਉਨ੍ਹਾਂ ਨੇ ਦੋ ਵਾਰ ਕੋਰੋਨਾ ਨੂੰ ਹਰਾਇਆ ਸੀ। ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ।
ਜਿਸਦੇ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ । ਉਹ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸਨ । ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹਿਮਾਚਲ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਕੱਦ ਕਿੰਨਾ ਵੱਡਾ ਸੀ।
ਵੀਰਭੱਦਰ ਸਿੰਘ ਨੌਂ ਵਾਰ ਵਿਧਾਇਕ ਰਹੇ ਸਨ । ਇਸਦੇ ਨਾਲ ਹੀ ਉਹ ਪੰਜ ਵਾਰ ਸੰਸਦ ਮੈਂਬਰ ਵੀ ਚੁਣੇ ਗਏ ਸਨ । ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਮੁੱਖ ਮੰਤਰੀ ਵੱਜੋਂ 6 ਵਾਰ ਵਾਗਡੋਰ ਵੀ ਸੰਭਾਲੀ ਸੀ ।
ਮਿਲੀ ਜਾਣਕਾਰੀ ਅਨੁਸਾਰ ਵੀਰਭੱਦਰ ਸਿੰਘ ਨੂੰ ਬੁੱਧਵਾਰ ਦੁਪਹਿਰ ਨੂੰ ਰਾਮਪੁਰ ਤੋਂ ਇਲਾਜ ਲਈ IGMC ਸ਼ਿਮਲਾ ਵਿਖੇ ਦਾਖਲ ਕਰਵਾਇਆ ਗਿਆ ਸੀ । ਵੀਰਭੱਦਰ ਸਿੰਘ ਨੂੰ ਸਾਹ ਲੈਣ ਵਿੱਚ ਵੱਧ ਰਹੀ ਮੁਸ਼ਕਿਲ ਕਾਰਨ ਆਈਜੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਸੀ। ਆਈਜੀਐਮਸੀ ਨਾਲ ਜੁੜੇ ਡਾਕਟਰਾਂ ਦਾ ਕਹਿਣਾ ਹੈ ਕਿ ਵੀਰਭੱਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਜ਼ੁਕਾਮ ਅਤੇ ਖਾਂਸੀ ਨਾਲ ਪੀੜਤ ਸੀ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ।