ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਸੂਬੇ ਦੇ ਪੈਟਰੋਲ ਪੰਪ ਮਾਲਿਕਾਂ ਨੇ ਵੱਡਾ ਫੈਸਲਾ ਲਿਆ ਹੈ।ਦੱਸ ਦੇਈਏ ਕਿ, ਪੰਜਾਬ ਭਰ ‘ਚ ਪੈਟਰੋਲ ਪੰਪ 7 ਨਵੰਬਰ ਤੋਂ 22 ਨਵੰਬਰ ਲਈ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਹੀ ਖੁੱਲ੍ਹਣਗੇ।ਇਸ ਦੌਰਾਨ 23 ਨਵੰਬਰ ਨੂੰ ਪੂਰਨ ਹੜਤਾਲ ਰਹੇਗੀ।ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਨੇ ਕਿਹਾ ਕਿ ਜੇਕਰ 23 ਨਵੰਬਰ ਤੱਕ ਸਰਕਾਰ ਜਾਂ ਕੰਪਨੀਆਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ 24 ਨਵੰਬਰ ਨੂੰ ਅਗਲਾ ਫੈਸਲਾ ਕੀਤਾ ਜਾਵੇਗਾ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਆਮਦਨ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨਾਲ ਖਰਚੇ ਲਗਾਤਾਰ ਵਧ ਰਹੇ ਹਨ।
ਪਿਛਲੇ ਪੰਜ ਸਾਲਾਂ ਵਿੱਚ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ ਪਰ ਸਰਕਾਰ ਵੱਲੋਂ ਕੋਈ ਵਾਧਾ ਨਹੀਂ ਕੀਤਾ ਗਿਆ। ਦੁਆਬਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ ਗੁਆਂਢੀ ਸੂਬਿਆਂ ਦੇ ਬਰਾਬਰ ਹੋਣੇ ਚਾਹੀਦੇ ਹਨ। ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗ ਕਰਨ ਦੇ ਨਾਲ-ਨਾਲ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਅਤੇ ਰਾਹਤ ਲਈ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।