ਸੰਗਰੂਰ: ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋ 1 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਸਬੰਧੀ ਜਥੇਬੰਦੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਅਤੇ ਕੈਬਨਿਟ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ‘ਤੇ ਪਹੁੰਚ ਕੇ ਰੋਸ ਪੱਤਰ ਅਤੇ ਰੈਲੀ ਦੇ ਨੋਟਿਸ ਭੇਜੇ ਗਏ।
ਇਸ ਮੌਕੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਸਿਵੀਆਂ, ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ ਸਮਰਾਲਾ ਅਤੇ ਟਹਿਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕੋਈ ਪਰੋਸੈਸ ਅਮਲ ਵਿੱਚ ਨਹੀ ਲਿਆਂਦਾ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਦਿਆਂ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਸਰਕਾਰ ਬਣਨ ਉਪਰੰਤ ਫਿਰ ਮੰਤਰੀਆਂ ਦੀਆਂ ਸਬ ਕਮੇਟੀਆਂ ਬਣਾ ਕੇ ਪਿਛਲੀਆਂ ਸਰਕਾਰਾਂ ਵਾਂਗ ਹੀ ਕੱਚੇ ਮੁਲਾਜ਼ਮਾਂ ਪ੍ਰਤੀ ਡੰਗ ਟਪਾਊ ਨੀਤੀ ਅਪਣਾ ਲਈ ਹੈ।
ਆਗੂਆਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਸੈਂਕੜੇ ਕੱਚੇ ਵਰਕਰ ਪਿਛਲੇ 25-25 ਸਾਲ ਤੋਂ ਪੱਕਾ ਹੋਣ ਦੀ ਉਡੀਕ ਵਿੱਚ ਖਾਲੀ ਹੱਥ ਸੇਵਾ ਮੁਕਤ ਹੋ ਰਹੇ ਹਨ ਅਤੇ ਪੰਜਾਬ ਦੀ ਰਾਜ ਗੱਦੀ ‘ਤੇ ਬਿਰਾਜਮਾਨ ਹੋਣ ਵਾਲੀਆਂ ਸਾਰੀਆਂ ਸਰਕਾਰਾਂ ਦਾ ਇਹਨਾਂ ਪ੍ਰਤੀ ਵਤੀਰਾ ਬੇਰੁਖੀ ਵਾਲਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਵਰਕਰਾਂ ਨੂੰ ਪੱਕਾ ਕਰਵਾਉਣ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਲਈ 1 ਫਰਵਰੀ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਅਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਭਰ ਦੀਆਂ ਜੰਗਲਾਤ ਰੇਂਜਾਂ ਅਤੇ ਨਰਸਰੀਆਂ ‘ਚੋਂ ਸੈਂਕੜੇ ਜੰਗਲਾਤ ਵਰਕਰ ਸ਼ਾਮਲ ਹੋਣਗੇ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਜੰਗਲਾਤ ਵਰਕਰਾਂ ਨੂੰ ਪੱਕਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਆਪ ਸਰਕਾਰ ਦੀ ਹੋਵੇਗੀ।