ਦੇਸ਼ ‘ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ ਸਾਲ ਤੋਂ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਕਿਸਾਨਾਂ ਦੀ ਮੰਗ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ।ਇਸ ਦੌਰਾਨ ਸਰਕਾਰ ਵਲੋਂ ਹਾੜੀ ਦੀ ਫਸਲ ਦੀ ਐੱਮਐਸਪੀ ‘ਚ ਵਾਧਾ ਕੀਤਾ ਗਿਆ ਹੈ।ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ‘ਕੁਝ ਲੋਕ ਇਹ ਗਲਤ ਸੂਚਨਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਐਮਐਸਪੀ ਬੰਦ ਕਰ ਦਿੱਤੀ ਜਾਵੇਗੀ।
ਇਸ ਦੇ ਉਲਟ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਐਮਐਸਪੀ ‘ਤੇ ਫਸਲਾਂ ਦੀ ਖ੍ਰੀਦ ਅਤੇ ਐਮਐਸਪੀ ਦੀ ਦਰ ਲਗਾਤਾਰ ਵਧ ਰਹੀ ਹੈ।ਦੱਸਣਯੋਗ ਹੈ ਕਿ ਸਰਕਾਰ ਨੇ ਅੱਜ ਚਾਲੂ ਫਸਲ ਸਾਲ 2021-22 ਲਈ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 40 ਰੁਪਏ ਵਧਾ ਕੇ 2,015 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ।ਇਸਤੋਂ ਇਲਾਵਾ ਸਰ੍ਹੋਂ ਦਾ ਐੱਮਐਸਪੀ 400 ਰੁਪਏ ਵਧਾ ਕੇ 5,050 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਸਰਕਾਰ ਦੀ ਇਸ ਪਹਿਲ ਦਾ ਉਦੇਸ਼ ਇਨ੍ਹਾਂ ਫਸਲਾਂ ਦੀ ਖੇਤੀ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੀ ਬੈਠਕ ‘ਚ ਇਸ ਸਬੰਧੀ ਫੈਸਲਾ ਲਿਆ ਗਿਆ।