Sangrur News: ਪੰਜਾਬ ‘ਚ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦਾ ਕੈਂਪ ਲਗਾਇਆ।
ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਰਾਜ ਕਪੂਰ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਕਈ ਸਾਲਾਂ ਤੋਂ ਤਾਇਨਾਤ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਰਾਜ ਕਪੂਰ ਦੇ ਹੁਕਮਾਂ ਅਨੁਸਾਰ ਬਲਾਕ ਸੰਗਰੂਰ-1 ਵਿੱਚ ਛੁੱਟੀ ਵਾਲੇ ਦਿਨ ਵੀ ਕੱਚੇ ਅਧਿਆਪਕਾਂ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਦੇ ਕੰਮ ਦੀ ਤਿਆਰੀ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ 80 ਦੇ ਕਰੀਬ ਪੱਕੇ ਹੋਣ ਵਾਲੇ ਅਧਿਆਪਕਾਂ ਨੇ ਹਿੱਸਾ ਲਿਆ। ਬੀਪੀਈਓ ਦਫਤਰ ਵੱਲੋਂ ਸਾਰੇ ਅਧਿਆਪਕਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ 6 ਵੱਖ ਵੱਖ ਟੇਬਲਾਂ ਰਾਹੀ ਸਮੁੱਚੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਗਈ।
ਇਸ ਮੌਕੇ ਗੁਰਮੀਤ ਸਿੰਘ ਈਸਾਪੁਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਪੰਜਾਬ ਸਰਕਾਰ ਵੱਲੋਂ ਸਾਲਾਂ ਤੋਂ ਲਟਕਦੇ ਆ ਰਹੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਕੱਚੇ ਕਾਮਿਆਂ ਜਿਨ੍ਹਾਂ ਵਿੱਚ ਸਿੱਖਿਆ ਪ੍ਰੋਵਾਇਡਰ, ਈਜੀਐੱਸ ਵਾਲੰਟੀਅਰ, ਐੱਸਟੀਆਰ ਵਾਲੰਟੀਅਰ ਅਤੇ ਦਫ਼ਤਰੀ ਸਟਾਫ ਸ਼ਾਮਲ ਹੈ, ਦੇ ਮਸਲੇ ਨੂੰ ਹੱਲ ਕਰਦਿਆਂ ਇਨ੍ਹਾਂ ਨੂੰ ਪੱਕੇ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕ੍ਰਿਆ ਬਹੁਤ ਤੇਜ਼ੀ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਛੁੱਟੀ ਵਾਲੇ ਦਿਨ ਵਿੱਚ ਵੀ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਦੀ ਤਿਆਰੀ ਦਾ ਕੰਮ ਕੀਤਾ ਜਾ ਰਿਹਾ ਹੈ।
ਕੱਚੇ ਅਧਿਆਪਕ ਆਗੂਆਂ ਮੱਖਣ ਸਿੰਘ ਤੋਲੇਵਾਲ, ਜੁਝਾਰ ਸਿੰਘ ਮੰਗਵਾਲ, ਕੰਤ ਸਿੰਘ ਬੱਗੂਆਣਾ, ਗੁਰਦੀਪ ਕੌਰ ਅਨਾਜ ਮੰਡੀ, ਜਗਜੀਤ ਕੌਰ ਬਡਰੁੱਖਾਂ ਵੱਲੋਂ ਮਾਨ ਸਰਕਾਰ ਵੱਲੋ ਪੱਕੇ ਕੀਤੇ ਜਾਣ ਦੇ ਫੈਸਲੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਸਨ, ਜਿਸ ਨਾਲ ਘਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਸੀ ਪਰ ਭਗਵੰਤ ਮਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਉਹਨ੍ਹਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਕਰਕੇ ਵੱਡਾ ਤੋਹਫ਼ਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h