ਪਾਣੀ ਅਤੇ ਅਜਿਹੇ ਹੋਰ ਤਰਲਾਂ ਦੇ ਪ੍ਰਦੂਸਿ਼ਤ ਹੋਣ ਸੰਬੰਧੀ ਪੈਦਾ ਹੋ ਰਹੇ ਨਵੀਂ ਕਿਸਮ ਦੇ ਸੰਭਾਵੀ ਖਤਰਿਆਂ ਨਾਲ਼ ਨਜਿੱਠਣ ਲਈ ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਦੀ ਇੱਕ ਤਾਜ਼ਾ ਖੋਜ ਵਿੱਚ ਰਸਾਇਣਕ ਹੱਲ ਲੱਭੇ ਗਏ ਹਨ। ਪ੍ਰੋ. ਅਸ਼ੋਕ ਮਲਿਕ ਦੀ ਨਿਗਰਾਨੀ ਵਿੱਚ ਖੋਜਾਰਥੀ ਸਿ਼ਖਾ ਭੋਗਲ ਵੱਲੋਂ ਕੀਤੀ ਇਸ ਖੋਜ ਵਿੱਚ ਇਸ ਮਕਸਦ ਲਈ ਢੁਕਵੀਆਂ ਵਿਧੀਆਂ ਅਤੇ ਪਦਾਰਥਾਂ ਦੀ ਖੋਜ ਕੀਤੀ ਗਈ ਹੈ।ਇਸ ਖੋਜ ਦੌਰਾਨ ਹੋਈਆਂ ਲੱਭਤਾਂ ਵਿਗਿਆਨ ਦੇ ਖੇਤਰ ਨਾਲ਼ ਸੰਬੰਧਤ ਵੱਖ-ਵੱਖ ਪ੍ਰਭਾਵੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਜਿ਼ਕਰਯੋਗ ਹੈ ਕਿ ਵਰਤਮਾਨ ਸਮੇਂ ਪਾਣੀ ਨੂੰ ਪ੍ਰਦੂਸਿ਼ਤ ਕਰਨ ਵਾਲੇ ਨਵੀਂ ਕਿਸਮ ਦੇ ‘ਪ੍ਰਦੂਸ਼ਕਾਂ’ ਦਾ ਉਭਾਰ ਹੋ ਰਿਹਾ ਹੈ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਮੌਜੂਦਾ ਸਮੇਂ ਪਾਣੀ ਨੂੰ ਸ਼ੁੱਧ ਕਰਨ ਲਈ ਵਰਤੀਆਂ ਜਾਂਦੀਆਂ ਵਿਧੀਆਂ ਇਨ੍ਹਾਂ ਉੱਪਰ ਕਾਬੂ ਪਾਉਣ ਲਈ ਕਾਰਗਰ ਸਿੱਧ ਨਹੀਂ ਹੋ ਸਕਣਗੀਆਂ। ਇਸ ਪੱਖੋਂ ਵੱਖ-ਵੱਖ ਕੀਟਨਾਸ਼ਕ ਕਿਸਮਾਂ, ਅੱਗ ਦੇ ਫੈਲਾਅ ਨੂੰ ਕੰਟਰੋਲ ਕਰਨ ਜਾਂ ਸੀਮਤ ਰੱਖਣ ਲਈ ਵਰਤੇ ਜਾਂਦੇ ਫਲੇਮ ਰਿਟਾਰਡੈਂਟਸ, ਪਰਸਨਲ ਕੇਅਰ ਪ੍ਰੋਡਕਟਸ ਵਜੋਂ ਜਾਣ ਜਾਂਦੇ ਪਾਊਡਰ, ਪਰਫਿਊਮ ਜਾਂ ਹੋਰ ਸਿ਼ੰਗਾਰ ਸਮੱਗਰੀ, ਦਵਾਈਆਂ ਵਿੱਚ ਵਰਤੇ ਗਏ ਫਾਰਮਾਸਿਊਟੀਕਲ ਪਦਾਰਥ ਜਾਂ ਪਲਾਸਟੀਸਾਈਜ਼ਰਜ਼ ਆਦਿ ਆਉਣ ਵਾਲੇ ਸਮੇਂ ਵਿੱਚ ਪ੍ਰਦੂਸ਼ਕ ਵਜੋਂ ਵੱਡੇ ਪੱਧਰ ਉੱਤੇ ਉੱਭਰਨ ਦੇ ਖਤਰੇ ਹਨ। ਇਹ ਸਾਰੇ ਹੀ ਮਨੁੱਖ ਦੀ ਸਿਹਤ ਲਈ ਬੇਹੱਦ ਹਾਨੀਕਾਰਨ ਹਨ।
ਪ੍ਰੋ. ਅਸ਼ੋਕ ਮਲਿਕ ਨੇ ਦੱਸਿਆ ਕਿ ਤਾਜ਼ਾ ਖੋਜ ਵਿੱਚ ਵਰਤੀਆਂ ਗਈਆਂ ਵੱਖ-ਵੱਖ ਵਿਧੀਆਂ ਅਤੇ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਵੱਖ-ਵੱਖ ਤਜਰਬਿਆਂ ਰਾਹੀਂ ਨਵੇਂ ਕੋਰ-ਸ਼ੈੱਲ ਮੌਲੀਕਿਊਲ ਇੰਪ੍ਰਿੰਟਡ ਪੌਲੀਮਰ ਬਣਾਏ ਗਏ ਹਨ ਜਿਨ੍ਹਾਂ ਬਾਰੇ ਇਸ ਖੋਜ ਵਿੱਚੋਂ ਪ੍ਰਾਪਤ ਲੱਭਤਾਂ ਰਾਹੀਂ ਪ੍ਰਮਾਣਿਤ ਹੋਇਆ ਹੈ ਕਿ ਇਹ ਕੋਰ-ਸ਼ੈੱਲ ਐੱਮ.ਆਈ.ਪੀਜ਼ ਦੀ ਵਰਤੋਂ ਅਜਿਹੇ ਪ੍ਰਦੂਸ਼ਕਾਂ ਨੂੰ ਕਾਬੂ ਰੱਖਣ ਪੱਖੋਂ ਬਹੁਤ ਲਾਹੇਵੰਦ ਹੋ ਸਕਦੀ ਹੈ। ਇਹ ਕੋਰ-ਸ਼ੈੱਲ ਐੱਮ.ਆਈ.ਪੀਜ਼ ਇਨ੍ਹਾਂ ਨਵੀਂ ਕਿਸਮ ਦੇ ਪ੍ਰਦੂਸ਼ਕਾਂ ਦੀ ਫਲੋਰੋਸੈਂਟ ਵਿਧੀ ਨਾਲ਼ ਨਿਸ਼ਾਨਦੇਹੀ ਕਰ ਲੈਂਦੇ ਹਨ ਜੋ ਕਿ ਪ੍ਰਦੂਸ਼ਕਾਂ ਦੀ ਨਿਸ਼ਾਨਦੇਹੀ ਦਾ ਸਭ ਤੋਂ ਤੇਜ਼ ਤਰੀਕਾ ਹੈ। ਖੋਜ ਦੌਰਾਨ ਬਣਾਏ ਗਏ ਮੌਲੀਕਿਊਲਜ਼ ਇਨ੍ਹਾਂ ਪ੍ਰਦੂਸ਼ਕਾਂ ਨੂੰ ਆਪਣੇ ਅੰਦਰ ਸੋਖ ਕੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਸਹਾਈ ਸਿੱਧ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਇਹ ਇੱਕ ਬਹੁਤ ਹੀ ਸਮਰੱਥ ਵਿਧੀ ਹੈ ਜਿਸ ਨਾਲ਼ ਪਾਣੀ ਨੂੰ ਸ਼ੁੱਧ ਰੱਖਣ ਅਤੇ ਇਸ ਨਾਲ਼ ਜੁੜੇ ਖਤਰਿਆਂ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ।
ਖੋਜਾਰਥੀ ਸਿ਼ਖਾ ਭੋਗਲ ਨੇ ਦੱਸਿਆ ਕਿ ਨਵੀਂ ਕਿਸਮ ਦੇ ਪ੍ਰਦੂਸ਼ਕਾਂ ਨੂੰ ਚਾਰ ਸ਼ਰੇਣੀਆਂ (ਐਲਕੇਫਿ਼ਨੌਲਜ਼, ਫਾਰਮਾਸਿਉਟੀਕਲਜ਼, ਐਂਟੀਮਾਈਕਰੋਬੀਅਲ ਏਜੰਟਸ, ਪਲਾਸਟੀਸਾਈਜ਼ਰਜ਼ ਐਂਡ ਹਾਰਮੋਨਜ਼) ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸ਼ਰੇਣੀ ਲਈ ਇੱਕ ਵੱਖਰਾ ਕੋਰ-ਸ਼ੈੱਲ ਐੱਮ.ਆਈ.ਪੀ. ਵਿਕਸਿਤ ਕੀਤਾ ਗਿਆ ਹੈ। ਇਸ ਨਿਰਮਾਣ ਦੌਰਾਨ ਆਇਰਨ-ਆਕਸਾਈਡ, ਸਿਲੀਕਾ ਅਤੇ ਕਾਰਬਨ-ਡੌਟਸ ਦੀ ਵਰਤੋਂ ਕੀਤੀ ਗਈ ਹੈ। ਇਸ ਤਰ੍ਹਾਂ ਤਿਆਰ ਕੀਤੇ ਗਏ ਪਦਾਰਥਾਂ ਨੂੰ ਤਜਰਬਿਆਂ ਰਾਹੀਂ ਪਰਖਿਆ ਗਿਆ ਕਿ ਉਹ ਅਜਿਹੇ ਨਵੀਂ ਕਿਸਮ ਦੇ ਪ੍ਰਦੂਸ਼ਕਾਂ ਦਾ ਤੇਜ਼ੀ ਨਾਲ਼ ਪਤਾ ਲਗਾਉਣ ਅਤੇ ਫਿਰ ਉਨ੍ਹਾਂ ਸੋਖ ਲੈਣ ਵਿੱਚ ਕਿੰਨੇ ਕੁ ਸਮਰੱਥ ਹਨ। ਤਜਰਬਿਆਂ ਉਪਰੰਤ ਇਹ ਸਿੱਧ ਹੋਇਆ ਹੈ ਕਿ ਰਵਾਇਤੀ ਵਿਧੀਆਂ ਦੇ ਮੁਕਾਬਲੇ ਇਹ ਵਿਧੀ ਇਸ ਮਕਸਦ ਵਿੱਚ ਵਧੇਰੇ ਸਮਰੱਥ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਅਜਿਹਾ ਅਮਲ ਯੋਗ ਗਿਆਨ ਪੈਦਾ ਕਰਨਾ ਪੰਜਾਬੀ ਯੂਨੀਵਰਸਿਟੀ ਦੀ ਸਮਰਥਾ ਨੂੰ ਪ੍ਰਮਾਣਿਤ ਕਰਦਾ ਹੈ ਅਤੇ ਸੰਸਾਰ ਪੱਧਰ ਉੱਤੇ ਇਸ ਦੇ ਨਾਮ ਨੂੰ ਹੋਰ ਚਮਕਾਉਣ ਵਿੱਚ ਸਹਾਈ ਹੁੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h