Jallianwala Bagh Massacre: ਜਲ੍ਹਿਆਂਵਾਲਾ ਬਾਗ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਉਹ ਘਟਨਾ ਹੈ, ਜਿਸ ਬਾਰੇ ਸੋਚਦਿਆਂ ਵੀ ਰੂਹ ਕੰਬ ਜਾਂਦੀ ਹੈ। ਇਹ ਦੁਖਦਾਈ ਘਟਨਾ 13 ਅਪ੍ਰੈਲ 1919 ਨੂੰ ਵਾਪਰੀ ਸੀ, ਜਦੋਂ ਪੰਜਾਬ ਦੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਜਲਿਆਂਵਾਲਾ ਬਾਗ ਵਿਚ ਨਿਹੱਥੇ ਨਿਰਦੋਸ਼ਾਂ ਦਾ ਕਤਲੇਆਮ ਕੀਤਾ ਗਿਆ ਸੀ।
ਅੰਗਰੇਜ਼ਾਂ ਨੇ ਨਿਹੱਥੇ ਭਾਰਤੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਘਟਨਾ ਨੂੰ ਅੰਮ੍ਰਿਤਸਰ ਕਤਲੇਆਮ ਵੀ ਕਿਹਾ ਜਾਂਦਾ ਹੈ। ਅੱਜ ਯਾਨੀ 13 ਅਪ੍ਰੈਲ 2023 ਨੂੰ ਇਸ ਸਾਕੇ ਨੂੰ 104 ਸਾਲ ਬੀਤ ਚੁੱਕੇ ਹਨ। ਪਰ ਅੱਜ ਵੀ ਇਸ ਦੇ ਜ਼ਖ਼ਮ ਤਾਜ਼ੇ ਹਨ ਤੇ ਇਸ ਦਰਦਨਾਕ ਅਤੇ ਉਦਾਸ ਦਿਨ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ।
ਜਾਣੋ ਕੀ ਸੀ ਜਲ੍ਹਿਆਂਵਾਲਾ ਬਾਗ ਸਾਕਾ?
ਅਸਲ ਵਿੱਚ ਇਸ ਕਤਲੇਆਮ ਦੀ ਸ਼ੁਰੂਆਤ ਰੌਲਟ ਐਕਟ ਨਾਲ ਸ਼ੁਰੂ ਹੋਈ ਸੀ, ਜੋ ਕਿ ਬ੍ਰਿਟਿਸ਼ ਸਰਕਾਰ ਵੱਲੋਂ 1919 ਵਿੱਚ ਭਾਰਤ ਵਿੱਚ ਉੱਭਰ ਰਹੀ ਕੌਮੀ ਲਹਿਰ ਨੂੰ ਕੁਚਲਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਸੀ। ਇਹ ਐਕਟ ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਲਗਪਗ ਇੱਕ ਮਹੀਨਾ ਪਹਿਲਾਂ 8 ਮਾਰਚ ਨੂੰ ਬ੍ਰਿਟਿਸ਼ ਸਰਕਾਰ ਨੇ ਪਾਸ ਕੀਤਾ ਸੀ।
ਇਸ ਐਕਟ ਨੂੰ ਲੈ ਕੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਅੰਮ੍ਰਿਤਸਰ ‘ਚ ਜਲ੍ਹਿਆਂਵਾਲਾ ਬਾਗ ‘ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਹ ਇੱਕ ਜਨਤਕ ਬਗੀਚਾ ਸੀ, ਜਿੱਥੇ ਰੋਲਟ ਐਕਟ ਦੇ ਖਿਲਾਫ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਇਸ ਪ੍ਰਦਰਸ਼ਨ ਵਿੱਚ ਮਰਦ, ਔਰਤਾਂ ਅਤੇ ਬੱਚੇ ਵੀ ਮੌਜੂਦ ਸੀ। ਫਿਰ ਜਨਰਲ ਰੇਜੀਨਾਲਡ ਡਾਇਰ ਦੀ ਅਗਵਾਈ ਹੇਠ ਸਿਪਾਹੀ ਜਲ੍ਹਿਆਂਵਾਲਾ ਬਾਗ ਵਿਚ ਦਾਖਲ ਹੋਏ ਅਤੇ ਇਕਲੌਤਾ ਬਾਹਰੀ ਗੇਟ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਡਾਇਰ ਨੇ ਸੈਨਿਕਾਂ ਨੂੰ ਉਥੇ ਮੌਜੂਦ ਨਿਹੱਥੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਦੱਸਿਆ ਜਾਂਦਾ ਹੈ ਕਿ ਇਹ ਗੋਲੀਬਾਰੀ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਜਵਾਨਾਂ ਦਾ ਗੋਲਾ-ਬਾਰੂਦ ਖ਼ਤਮ ਨਹੀਂ ਹੋ ਗਿਆ। ਇਸ ਘਟਨਾ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਹਨ, ਇਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਇਹ ਮੰਨਿਆ ਜਾਂਦਾ ਹੈ ਕਿ ਘਟਨਾ ‘ਚ 400 ਤੋਂ 1,000 ਲੋਕ ਮਾਰੇ ਗਏ ਸੀ ਤੇ 1,200 ਤੋਂ ਵੱਧ ਜ਼ਖ਼ਮੀ ਹੋਏ ਸੀ।
ਅੱਜ ਵੀ ਕੰਧਾਂ ‘ਤੇ ਮੌਜੂਦ ਹਨ ਗੋਲੀਆਂ ਦੇ ਨਿਸ਼ਾਨ
ਅੱਜ ਇਸ ਘਟਨਾ ਨੂੰ ਪੂਰੇ 104 ਸਾਲ ਬੀਤ ਚੁੱਕੇ ਹਨ ਪਰ ਇਸ ਦੇ ਜ਼ਖ਼ਮ ਅੱਜ ਵੀ ਭਰੇ ਨਹੀਂ ਹਨ। ਅੰਗਰੇਜ਼ ਸਰਕਾਰ ਦੇ ਇਸ ਭਿਆਨਕ ਕਾਰੇ ਦੇ ਸਬੂਤ ਅੱਜ ਵੀ ਕੰਧਾਂ ‘ਤੇ ਮੌਜੂਦ ਹਨ। ਜਦੋਂ ਅੰਗਰੇਜ਼ ਸਿਪਾਹੀਆਂ ਨੇ ਗੋਲੀ ਚਲਾਈ ਤਾਂ ਕਈ ਗੋਲੀਆਂ ਕੰਧਾਂ ਵਿੱਚ ਵੀ ਵੱਜੀਆਂ। ਉਨ੍ਹਾਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।
ਇਸ ਕਤਲੇਆਮ ਬਾਰੇ ਅੱਜ ਤੱਕ ਬਰਤਾਨੀਆ ਵੱਲੋਂ ਕੋਈ ਮੁਆਫ਼ੀ ਜਾਂ ਦੁੱਖ ਪ੍ਰਗਟ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਮਹਾਰਾਣੀ ਐਲਿਜ਼ਾਬੈਥ II, ਜੋ 1997 ਵਿੱਚ ਭਾਰਤ ਆਈ ਸੀ, ਨੇ ਜਲਿਆਂਵਾਲਾ ਬਾਗ ਦੀ ਯਾਦਗਾਰ ਦਾ ਦੌਰਾ ਕੀਤਾ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਇਸ ਘਟਨਾ ਨੂੰ ਦੁਖਦਾਈ ਦੱਸ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h