ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕ ਪਹਿਲਾਂ ਹੀ ਚਿੰਤਤ ਹਨ। ਹੁਣ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ। ਵਪਾਰਕ ਸਿਲੰਡਰ ਲਈ LPG ਦੀਆਂ ਕੀਮਤਾਂ ‘ਚ ਅੱਜ ਤੋਂ 266 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਅੱਜ ਤੋਂ 2000.50 ਰੁਪਏ ਹੋ ਜਾਵੇਗੀ ਜੋ ਪਹਿਲਾਂ 1734 ਰੁਪਏ ਸੀ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 1 ਅਕਤੂਬਰ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1693 ਰੁਪਏ ਤੋਂ ਵਧਾ ਕੇ 1734 ਰੁਪਏ ਕਰ ਦਿੱਤੀ ਗਈ ਹੈ। ਕੋਲਕਾਤਾ ਵਿੱਚ ਇਹ 1805.50 ਰੁਪਏ, ਮੁੰਬਈ ਵਿੱਚ 1685.00 ਰੁਪਏ ਅਤੇ ਚੇਨਈ ਵਿੱਚ 1867.50 ਰੁਪਏ ਸੀ। 6 ਅਕਤੂਬਰ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਗੈਰ-ਸਬਸਿਡੀ ਵਾਲੇ ਐਲਪੀਜੀ ਗੈਸ ਸਿਲੰਡਰਾਂ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ।
ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਵਾਹਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਤਾਂ ਆਪਣੀ ਜੇਬ ‘ਚੋਂ ਜ਼ਿਆਦਾ ਪੈਸਾ ਖਰਚ ਕਰਨਾ ਪੈ ਰਿਹਾ ਹੈ, ਪਰ ਪੈਟਰੋਲ ਅਤੇ ਡੀਜ਼ਲ ਨਾਲ ਸਿੱਧਾ ਰਾਬਤਾ ਨਾ ਰੱਖਣ ਵਾਲੇ ਲੋਕ ਵੀ ਦਿਨ-ਬ-ਦਿਨ ਵਧ ਰਹੀਆਂ ਕੀਮਤਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਆਵਾਜਾਈ ਤੋਂ ਲੈ ਕੇ ਰੋਜ਼ਾਨਾ ਦੀਆਂ ਚੀਜ਼ਾਂ ਤੱਕ ਸਭ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ।