Chandigarh Mayor Election: ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ‘ਆਪ’ ਅਤੇ ਕਾਂਗਰਸੀ ਆਗੂਆਂ ਨੇ ਹੰਗਾਮਾ ਕੀਤਾ, ਪੁਲਿਸ ਨਾਲ ਹੱਥੋਪਾਈ ਹੋ ਗਈ ਅਤੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਦੇਸ਼ ‘ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ‘ਚ ਵਿਰੋਧੀ ਪਾਰਟੀਆਂ I.N.D.I.A ਅਤੇ ਭਾਜਪਾ ਦੇ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਣਾ ਸੀ। ਚੰਡੀਗੜ੍ਹ ਨਗਰ ਨਿਗਮ, I.N.D.I.A. ਵਿਚ ਬਣੇ ਗਠਜੋੜ ਵਿੱਚ ‘ਆਪ’ ਅਤੇ ਕਾਂਗਰਸ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ‘ਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ‘ਆਪ’ ਨੇ ਵਰਕਰਾਂ ਨੂੰ ਨਿਗਮ ਦਫ਼ਤਰ ਪਹੁੰਚਣ ਦਾ ਸੱਦਾ ਦਿੱਤਾ ਹੈ।
MP ਸੰਦੀਪ ਪਾਠਕ ਦਾ ਬਿਆਨ
”ਆਪਣੀ ਹਾਰ ਨੂੰ ਦੇਖਦੇ ਹੋਏ ਭਾਜਪਾ ਨੇ ਚੰਡੀਗੜ੍ਹ ਵਿਚ ਆਪਣੀਆਂ ਗੰਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੀ ਚੋਣ ਪ੍ਰਣਾਲੀ ਹੈ ਤਾਂ ਇਹ ਬਹੁਤ ਨਿਰਾਸ਼ਾਜਨਕ ਹੈ। ਭਾਜਪਾ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਮੁਲਤਵੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।”
ਰਾਘਵ ਚੱਢਾ ਦਾ ਬਿਆਨ
ਰਾਘਵ ਚੱਢਾ ਨੇ ਕਿਹਾ ਕਿ ਅਪਣੀ ਹਾਰ ਨੂੰ ਦੇਖ ਕੇ ਡਰੀ ਹੋਈ, ਕਾਇਰ ਭਾਜਪਾ ਨੇ ਮੇਅਰ ਦੀ ਚੋਣ ਰੱਦ ਕਰਵਾਈ ਹੈ ਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਪਹਿਲਾਂ ਹੀ ਪਤਾ ਸੀ ਇੰਡੀਆ ਗਠਜੋੜ ਨੂੰ ਬਹੁਮਤ ਮਿਲ ਰਹੀ ਹੈ। ਇੰਡੀਆ ਗਠਜੋੜ ਤੇ ਭਾਜਪਾ ਦੇ ਵਿਚਕਾਰ ਇਹ ਪਹਿਲਾਂ ਮੁਕਾਬਲਾ ਸੀ ਤੇ ਭਾਜਪਾ ਨੇ ਪਹਿਲਾਂ ਸੈਕਰੇਟਿਰੀ ਅਫਸਰ ਨੂੰ ਬਿਮਾਰ ਕੀਤਾ ਤੇ ਅੱਜ ਚੋਣ ਅਧਿਕਾਰੀ ਨੂੰ ਬਿਮਾਰ ਕਰ ਦਿੱਤਾ, ਇੰਝ ਲੱਗਦਾ ਹੈ ਕਿ ਅੱਜ ਪੂਰੀ ਭਾਜਪਾ INDIA ਗਠਜੋੜ ਨੂੰ ਅਪਣੇ ਸਾਹਮਣੇ ਦੇਖ ਬਿਮਾਰ ਹੋ ਗਈ ਹੈ। ਬੀਜੇਪੀ ਚੋਣਾਂ ਨੂੰ ਰੱਦ ਕਰਨਾ ਚਾਹੁੰਦੀ ਹੈ।ਸਭ ਨੂੰ ਪਤਾ ਹੈ ਕਿ ਇਨ੍ਹਾਂ ਚੋਣਾਂ ‘ਚ ਸਾਫ਼ ਬਹੁਮਤ ਇੰਡੀਆ ਗਠਬੰਧਨ ਕੋਲ ਹੈ।ਇਹ ਪਹਿਲਾ ਮੁਕਾਬਲਾ ਹੈ ਇੰਡੀਆ ਗਠਬੰਧਨ ਬਨਾਮ ਭਾਜਪਾ ਦਾ ਅਤੇ ਇਨ੍ਹਾਂ ਚੋਣਾਂ ‘ਚ ਬਹੁਤਮ ਦਾ ਅੰਕੜਾ ਸਾਫ਼ ਤੌਰ ‘ਤੇ ਇੰਡੀਆ ਗਠਬੰਧਨ ਦੇ ਕੋਲ ਹੈ।ਇੰਡੀਆ ਗਠਬੰਧਨ ਚੋਣਾਂ ਜਿੱਤਣ ਜਾ ਰਿਹਾ ਹੈ ਤੇ ਭਾਜਪਾ ਆਪਣੀ ਹਾਰ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਕਾਇਰ ਬੀਜੇਪੀ ਚੋਣਾਂ ਨੂੰ ਰੱਦ ਕਰ ਰਹੀ ਹੈ ਤੇ ਗੈਰਕਾਨੂੰਨੀ ਤਰੀਕੇ ਅਪਣਾ ਰਹੀ ਹੈ।