ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਥਰੀਕੇ ਰੋਡ ‘ਤੇ ਇੱਕ ਤੇਜ਼ ਰਫਤਾਰ ਕਾਰ ਵੱਲੋਂ ਦਰੜੇ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਉੱਤੇ ਪੁਲਿਸ ਤਾਂ ਪਹੁੰਚੀ ਲੇਕਿਨ ਹੱਦਬੰਦੀ ਨੂੰ ਲੈ ਕੇ ਪੁਲਿਸ ਉਲਝੀ ਦੱਸੀ। ਘਟਨਾ ਤੋਂ ਬਾਅਦ ਗੁੱਸੇ ਵਿੱਚ ਲੋਕਾਂ ਵੱਲੋਂ ਸੜਕ ਜਾਮ ਕੀਤੇ ਜਾਣ ਦੀ ਵੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਆਪਸ ਵਿੱਚ ਰੇਸ ਲਗਾ ਰਹੀਆਂ ਸਨ ਕਿ ਇਸ ਦੌਰਾਨ ਇਹ ਕਾਰ ਦਾ ਸੰਤੁਲਨ ਵਿਗੜ ਗਿਆ, ਜਿਹੜੀ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ ਉੱਪਰ ਚੜ ਗਈ। ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੋ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।
ਉਥੇ ਹੀ ਸਥਾਨਕ ਲੋਕਾਂ ਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਆਰੋਪੀਆਂ ਨੂੰ ਭਗਾਉਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਲੋਕਾਂ ਨੇ ਇੱਕ ਲੜਕੀ ਦੀ ਵੀ ਵੀਡੀਓ ਬਣਾਈ, ਜਿਹੜੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੀ ਕਾਰ ਵਿੱਚ ਮੌਜੂਦ ਦੱਸੀ ਜਾਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਲੜਕੀ ਦੇ ਨਾਲ ਇੱਕ ਹੋਰ ਲੜਕਾ ਵੀ ਸੀ, ਜਿਹੜਾ ਮੌਕੇ ਤੋਂ ਫਰਾਰ ਹੋ ਗਿਆ।