ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ‘ਚ ਬੁੱਧਵਾਰ (19 ਜੂਨ) ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਇੱਥੋਂ ਦੇ ਹਦੀਪੋਰਾ ਇਲਾਕੇ ‘ਚ ਦੋ ਅੱਤਵਾਦੀ ਮਾਰੇ ਗਏ ਹਨ, ਜਦਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ।
ਹਦੀਪੋਰਾ ‘ਚ ਪੁਲਸ ਅਤੇ ਫੌਜ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਸੀ। ਸੁਰੱਖਿਆ ਬਲ ਜਿਵੇਂ ਹੀ ਅੱਤਵਾਦੀਆਂ ਦੇ ਲੁਕੇ ਹੋਏ ਟਿਕਾਣੇ ‘ਤੇ ਪਹੁੰਚੇ ਤਾਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਤੋਂ ਪਹਿਲਾਂ ਸੋਮਵਾਰ (17 ਜੂਨ) ਦੀ ਸਵੇਰ ਨੂੰ ਸੁਰੱਖਿਆ ਬਲਾਂ ਨੇ ਬਾਂਦੀਪੋਰਾ ‘ਚ ਅੱਤਵਾਦੀ ਲਸ਼ਕਰ ਕਮਾਂਡਰ ਉਮਰ ਅਕਬਰ ਲੋਨ ਉਰਫ ਜਾਫਰ ਨੂੰ ਮਾਰ ਦਿੱਤਾ ਸੀ। ਉਹ ਪੱਤਣ ਦਾ ਰਹਿਣ ਵਾਲਾ ਸੀ। ਇਲਾਕੇ ‘ਚ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੀ ਭਾਲ ਲਈ ਫੌਜ ਦਾ ਆਪ੍ਰੇਸ਼ਨ ਜਾਰੀ ਹੈ।
ਐਤਵਾਰ (16 ਜੂਨ) ਨੂੰ ਅਰਗਾਮ ਦੇ ਜੰਗਲਾਂ ਵਿੱਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਤਲਾਸ਼ੀ ਲਈ। ਸੋਮਵਾਰ ਸਵੇਰੇ ਜਦੋਂ ਤਲਾਸ਼ੀ ਤੇਜ਼ ਕੀਤੀ ਗਈ ਤਾਂ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਡਰੋਨ ਫੁਟੇਜ ‘ਚ ਮਾਰੇ ਗਏ ਅੱਤਵਾਦੀ ਜਾਫਰ ਦੀ ਲਾਸ਼ ਜੰਗਲ ‘ਚ ਪਈ ਦਿਖਾਈ ਦਿੱਤੀ।
ਰਿਆਸੀ ਹਮਲੇ ਦੀ ਜਾਂਚ NIA ਨੂੰ ਸੌਂਪੀ ਗਈ ਹੈ
ਰਿਆਸੀ ‘ਚ 9 ਜੂਨ ਨੂੰ ਸ਼ਰਧਾਲੂਆਂ ਦੀ ਬੱਸ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ NIA ਨੂੰ ਸੌਂਪ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। 16 ਜੂਨ ਨੂੰ ਹੀ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਅੱਤਵਾਦ ਨੂੰ ਕੁਚਲਣ ਅਤੇ ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।