ਅੱਜ ਇੱਥੇ ਸੈਕਟਰ-35 ਵਿਖੇ ਮਿਊਂਸਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨ ਹੁਣ ਵਿਦੇਸ਼ਾਂ ਵਿੱਚ ਰੋਜ਼ਗਾਰ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਨੌਕਰੀ ਕਰਨ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਏਸੇ ਕਰਕੇ ਵਤਨ ਵਾਪਸੀ ਕਰ ਰਹੇ ਹਨ ਕਿਉਂਕਿ ਹੁਣ ਪੰਜਾਬ ਵਿੱਚ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ, “ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨੌਜਵਾਨਾਂ ਨੇ ਮੇਰੀ ਸਰਕਾਰ ਉਤੇ ਭਰੋਸਾ ਜ਼ਾਹਰ ਕੀਤਾ ਹੈ। ਕੋਈ ਵੀ ਵਿਅਕਤੀ ਆਪਣੇ ਪੁਰਖਿਆਂ ਦੀ ਧਰਤੀ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਵਿਦੇਸ਼ ਜਾਣ ਵਾਲੇ ਬਹੁਤੇ ਨੌਜਵਾਨ ਸਾਡੇ ਸਿਸਟਮ ਤੋਂ ਏਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੂੰ ਰੋਜ਼ਗਾਰ ਦੀ ਖਾਤਰ ਆਪਣਾ ਘਰ-ਬਾਰ ਛੱਡਣਾ ਪਿਆ। ਇਸ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਦਾ ਭਲਾ ਕਰਨ ਦੀ ਬਜਾਏ ਆਪਣੇ ਧੀਆਂ-ਪੁੱਤਾਂ ਦਾ ਫਿਕਰ ਕੀਤਾ।”
ਪਹਿਲਾਂ ਵਾਲਿਆਂ ਨੇ ਆਪਣੀ ਸਰਕਾਰ ਵੇਲੇ ਨੌਕਰੀਆਂ ਨਹੀਂ ਦਿੱਤੀਆਂ, ਸਗੋਂ ਆਪਣੇ ਬੱਚਿਆਂ ਨੂੰ ਰਾਜਨੀਤੀ ‘ਚ ਲੌਂਚ ਕਰਦੇ ਰਹੇ…ਇਹਨਾਂ ਤੋਂ ਕੀ ਉਮੀਦ ਕਰੋਗੇ.. ਹੁਣ ਓਹੀ ਖ਼ਜ਼ਾਨਾ ਹੈ ਤੇ ਓਹੀ ਅਫ਼ਸਰ ਨੇ, ਹੁਣ ਕਿਵੇਂ ਨੌਕਰੀਆਂ ਮਿਲ ਰਹੀਆਂ ਨੇ…ਬਹੁਤ ਕੁਰਸੀਆਂ ਪੰਜਾਬ ਦੇ ਨੌਜਵਾਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ… pic.twitter.com/vWSGX5t5f9
— Bhagwant Mann (@BhagwantMann) August 13, 2024
ਮੁੱਖ ਮੰਤਰੀ ਨੇ ਅੱਜ ਖੇਤੀਬਾੜੀ ਵਿਭਾਗ, ਮਾਲ ਵਿਭਾਗ, ਸਕੂਲ ਸਿੱਖਿਆ, ਸਹਿਕਾਰਤਾ, ਸਥਾਨਕ ਸਰਕਾਰਾਂ, ਸਮਾਜਿਕ ਸੁਰੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ, ਕਰ ਤੇ ਆਬਕਾਰੀ, ਸਿਹਤ ਤੇ ਪਰਿਵਾਰ ਭਲਾਈ, ਵਿੱਤ ਵਿਭਾਗ, ਉਦਯੋਗ ਤੇ ਵਪਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਨਵੇਂ ਭਰਤੀ ਹੋਏ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ।