Weather Update: ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਠੰਢ ਅਤੇ ਧੁੰਦ ਦੀ ਸਥਿਤੀ ਬਣੀ ਰਹੇਗੀ, ਜਿਸ ਨਾਲ ਰੋਜ਼ਾਨਾ ਜੀਵਨ ਅਤੇ ਆਵਾਜਾਈ ਪ੍ਰਭਾਵਿਤ ਹੋਵੇਗੀ।
ਪੰਜਾਬ ਅਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਸੰਘਣੀ ਧੁੰਦ ਨੇ ਆਵਾਜਾਈ ਅਤੇ ਦ੍ਰਿਸ਼ਟੀ ਵਿੱਚ ਵਿਘਨ ਪਾਇਆ ਹੈ। ਰਾਜਧਾਨੀ ਵਿੱਚ 2019 ਤੋਂ ਬਾਅਦ ਸਭ ਤੋਂ ਗਰਮ ਜਨਵਰੀ ਦਰਜ ਕੀਤੀ ਗਈ, ਸ਼ੁੱਕਰਵਾਰ ਨੂੰ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਾਲਾਂਕਿ, ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਵਾਪਸ ਆ ਗਈ ਹੈ।
ਜਾਣਕਰੀ ਅਨੁਸਾਰ ਦੱਸ ਦੇਈਏ ਕਿ ਪੱਛਮੀ ਗੜਬੜੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੌਸਮ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ 3-6 ਫਰਵਰੀ ਦੇ ਵਿਚਕਾਰ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ ਅਤੇ ਠੰਢੀਆਂ ਹਵਾਵਾਂ ਮੁੜ ਚੱਲ ਸਕਦੀਆਂ ਹਨ।