Farmers Protest News: ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ‘ਤੇ ਕਿਸਾਨ ਮੋਰਚਾ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ 71ਵੇਂ ਦਿਨ ਵੀ ਜਾਰੀ ਰਹੀ ਹੈ। ਦੱਸ ਦੇਈਏ ਕਿ ਅੱਜ ਹਰਿਆਣਾ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਲਈ 50 ਤੋਂ ਵੱਧ ਪਿੰਡਾਂ ਦੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਵਿੱਤਰ ਜਲ ਲੈ ਕੇ ਖਨੌਰੀ ਸਰਹੱਦ ‘ਤੇ ਪਹੁੰਚੇ।
ਜਾਣਕਾਰੀ ਅਨੁਸਾਰ ਅੱਜ ਹਰਿਆਣਾ ਦੇ ਕਿਸਾਨ ਨਾਰਨੌਂਦ, ਰਾਜਪੁਰਾ, ਮਾਜਰੀ, ਡਿਡਵਾੜੀ, ਸੋਹਤੀ, ਫੱਗੂ, ਧਰਮਪੁਰਾ, ਖੈਰਾਤੀ ਖੇੜਾ, ਦਾਦੂ, ਤਿਲੋਕੇਵਾਲਾ, ਬਿਸਲਾ, ਕਰਨੌਲੀ, ਖੁੰਬਰ, ਜੰਡਵਾਲਾ, ਏਲਕੀ, ਛੀਨੌਲੀ, ਮਾਟਿੰਦੂ, ਗੋਪਾਲਪੁਰ, ਨੌਲਥਾ, ਮਾਜਰਾ, ਖੁਰਾਣਾ, ਰੋਜਖੇੜਾ, ਜੁਲਹੇੜਾ, ਢਾਣੀ ਛੱਤਰੀਆ, ਢਾਣੀ ਥੋਬਾ, ਤਾਮਸਪੁਰਾ, ਭਰਪੁਰ, ਲੱਕੜਵਾਲੀ, ਚਮਰਾੜਾ, ਮਾਧਾ, ਮਸਤਗੜ੍ਹ, ਖਰਲ, ਲੋਧਰ, ਫਤਿਹਪੁਰੀ, ਫੁੱਲਾਂ, ਅਕਾਂਵਾਲੀ, ਸੁੰਦਰਨਗਰ ਹਮਜ਼ਾਪੁਰ ਸਮੇਤ 50 ਤੋਂ ਵੱਧ ਪਿੰਡਾਂ ਤੋਂ ਆਪਣੇ ਖੇਤਾਂ ਤੋਂ ਪਾਣੀ ਲੈ ਕੇ ਮੋਰਚੇ ‘ਤੇ ਪਹੁੰਚੇ।
ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 71 ਦਿਨਾਂ ਤੋਂ ਸਿਰਫ਼ ਪਾਣੀ ਪੀ ਕੇ ਸਰੀਰਕ ਪੀੜਾਂ ਝੱਲ ਰਹੇ ਹਨ ਤਾਂ ਜੋ ਖੇਤੀ-ਜ਼ਮੀਨ ਅਤੇ ਕਿਸਾਨਾਂ ਦੀ ਅਗਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ।
ਕਿਸਾਨਾਂ ਦਾ ਮੰਨਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਹੀ ਖੇਤਾਂ ਦਾ ਪਵਿੱਤਰ ਪਾਣੀ ਪੀਣਾ ਚਾਹੀਦਾ ਹੈ ਜਿਸ ਨੂੰ ਬਚਾਉਣ ਲਈ ਉਹ ਵਰਤ ਰੱਖ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਪਾਣੀ ਨਹੀਂ ਹੈ, ਸਗੋਂ ਹਜ਼ਾਰਾਂ ਕਿਸਾਨਾਂ ਦੀਆਂ ਭਾਵਨਾਵਾਂ ਹਨ ਜੋ ਮਹਿਸੂਸ ਕਰਦੇ ਹਨ ਕਿ ਐਮਐਸਪੀ ਗਰੰਟੀ ਕਾਨੂੰਨ ਪਾਸ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ-2 ਦਾ ਸਮਰਥਨ ਕਰਨਾ ਮਹੱਤਵਪੂਰਨ ਹੈ।