ਫ਼ਤਹਿਗੜ੍ਹ ਸਾਹਿਬ, ਪੰਜਾਬ ਤੋਂ 1 ਕਿਲੋਮੀਟਰ ਦੂਰ ਪੂਰਬੀ ਪਾਸੇ ਸਰਹਿੰਦ-ਰੋਪੜ ਰੇਲਵੇ ਲਾਇਨ ਨੇੜੇ ਹਰਨਾਮ ਨਗਰ ਵਿਖੇ 17ਵੀਂ ਸਦੀ ’ਚ 2 ਕਨਾਲ 17 ਮਰਲਿਆਂ ’ਚ ਬਣੀ ਜੈਨ ਹਿੰਦੂ ਵੀਰ ਟੋਡਰ ਮੱਲ ਦੀ ਵਿਰਾਸਤੀ ਜਹਾਜ਼ ਹਵੇਲੀ ਦੀ ਹਾਲਤ ਢਹਿੰਦੀ-ਢਹਿੰਦੀ ਜਰਜ਼ਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸਾਡੇ ਪੰਜਾਬ ਦੀ ਅਮੀਰ ਸਿੱਖ ਵਿਰਾਸਤ ਖਤਮ ਹੋਣ ਦੇ ਕੰਢੇ ’ਤੇ ਪੁੱਜ ਗਈ ਹੈ। ਇਸ ਕਰ ਕੇ ਉਸ ਨੂੰ ਸੰਭਾਲਣ ਦੀ ਲੋੜ ਹੈ।
ਕਿਉਂਕਿ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦੇ ਅੰਤਿਮ ਸੰਸਕਾਰ ਲਈ ਸਿੱਖ ਧਰਮ ਲਈ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਜੈਨ ਹਿੰਦੂ ਵੀਰ ਟੋਡਰ ਮੱਲ ਵੱਲੋਂ ਖਰੀਦੀ ਗਈ ਸੀ।ਸਿੱਖ ਧਰਮ ਦੀ ਇਤਿਹਾਸਕ ਧਰੋਹਰ ਦੀਵਾਨ ਟੋਡਰ ਮੱਲ ਦੀ ਵਿਰਾਸਤੀ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਦਾ ਮੁੱਦਾ ਬਜਟ ਇਜਲਾਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਚੁੱਕਿਆ।ਸੰਧੂ ਨੇ ਕਿਹਾ ਕਿ ਟੋਡਰ ਮੱਲ ਗੁਰਘਰ ਦੇ ਵੱਡੇ ਸ਼ਰਧਾਲੂ ਸਨ ਤੇ ਉਹ ਪੰਜਾਬ ਦੇ ਇਤਿਹਾਸ ਵਿਚ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਸਭ ਤੋਂ ਵੱਡੀ ਮਿਸਾਲ ਹਨ।
ਸੰਸਦ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਅੱਜ ਧਿਆਨ ਦਿਓ ਮਤੇ ਦੇ ਮਾਧਿਅਮ ਨਾਲ ਸਦਨ ਵਿਚ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 26 ਦਸੰਬਰ 1704 ਨੂੰ ਜਦੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਜਦੋਂ ਦੀਵਾਰਾਂ ਵਿਚ ਜਿੰਦਾ ਚਿਣਵਾ ਦਿੱਤਾ ਸੀ ਤੇ ਉਸੇ ਵੇਲੇ ਦੀਵਾਰ ਡਿੱਗ ਪਈ ਸੀ ਤਾਂ ਇਸ ਤੋਂ ਬਾਅਦ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਦਾ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਤੇ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ।
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਮਾਤਾ ਗੁਜਰੀ ਜੀ ਨੇ ਠੰਢੇ ਬੁਰਜ ਵਿਚ ਪ੍ਰਾਣ ਤਿਆਗ ਦਿੱਤੇ ਸਨ।ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਸਰਹਿੰਦ ਕਿਲ੍ਹੇ ਦੇ ਮੈਦਾਨ ’ਚ ਰੱਖ ਦਿੱਤਾ ਸੀ। ਉਦੋਂ ਸਰਹਿੰਦ ਦੇ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਦੀਵਾਨ ਟੋਡਰ ਮੱਲ ਨੇ ਬਿਨਾਂ ਕਿਸੇ ਡਰ ਦੇ ਸਸਕਾਰ ਲਈ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਮੰਗੀਆਂ ਸਨ।
ਵਜ਼ੀਰ ਖਾਨ ਨੇ ਸ਼ਰਤ ਰੱਖੀ ਕਿ ਅੰਤਿਮ ਸੰਸਕਾਰ ਲਈ ਓਨੀ ਹੀ ਜਿੰਨੀ ਉਹ ਸੋਨੇ ਦੀਆਂ ਖੜੀਆਂ ਮੋਹਰਾਂ ਨਾਲ ਢੱਕ ਸਕਣਗੇ। ਟੋਡਰ ਮੱਲ ਇਸ ਲਈ ਤਿਆਰ ਹੋ ਗਏ ਤੇ ਉਨ੍ਹਾਂ ਇਸ ਕਾਰਜ ਵਾਸਤੇ ਸੋਨੇ ਦੀਆਂ ਵੱਡੀ ਗਿਣਤੀ ’ਚ ਖੜੀਆਂ ਮੋਹਰਾਂ ਰੱਖ ਕੇ 4 ਵਰਗ ਮੀਟਰ ਉਸ ਸਮੇਂ ਦੁਨੀਆ ਦੀ ਸਭ ਤੋ ਮਹਿੰਗੀ ਜ਼ਮੀਨ ਖਰੀਦੀ ਸੀ। ਉਥੇ ਉਨ੍ਹਾਂ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।ਉਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।ਉਦੋਂ ਤੋਂ ਹੀ ਸਿੱਖ ਹਰ ਸਾਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਦੀਵਾਨ ਟੋਡਰ ਮੱਲ ਜੀ ਦੀ ਮਹਾਨ ਸੇਵਾ ਨੂੰ ਸਿਜਦਾ ਕਰਦੇ ਹਨ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਵੱਡੀ ਤਰਾਸਦੀ ਹੈ ਕਿ ਅਸੀਂ ਪੰਜਾਬ ਦੀ ਧਰਤੀ ’ਤੇ ਟੋਡਰ ਮੱਲ ਜਿਹੇ ਮਹਾਨ ਪਰਉਪਕਾਰੀ ਦੀ ਵਿਰਾਸਤੀ ਯਾਦਗਾਰ ਜਹਾਜ਼ ਹਵੇਲੀ ਨਹੀਂ ਸਾਂਭ ਸਕੇ ਜਦਕਿਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕੱਛ ਦੇ ਗੁਰਦੁਆਰੇ ਸ੍ਰੀ ਲਖਪਤ ਸਾਹਿਬ ਦੀ ਸਾਂਭ ਸੰਭਾਲ ਲਈ ਕਾਰਜ ਸ਼ੁਰੂ ਕੀਤਾ ਸੀ, ਜੋ ਕਿ 2001 ਵਿਚ ਆਏ ਭੂਚਾਲ ਦੌਰਾਨ ਤਬਾਹ ਹੋ ਗਿਆ ਸੀ।
ਗੁਜਰਾਤ ਸਰਕਾਰ ਵੱਲੋਂ ਗੁਰਦੁਆਰਾ ਲੱਖਪਤ ਸਾਹਿਬ ਦੀ ਸਾਂਭ ਸੰਭਾਲ ਤੋਂ ਬਾਅਦ ਸਾਲ 2004 ਵਿਚ ਯੂਨੈਸਕੋ ਵੱਲੋਂ ਏਸ਼ੀਆ-ਪ੍ਰਸ਼ਾਂਤ ਵਿਰਾਸਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਸਦ ਮੈਂਬਰ (ਰਾਜ ਸਭਾ) ਸੰਧੂ ਨੇ ਮੰਗ ਕੀਤੀ ਕਿ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਦੀ ਵੀ ਉਸੇ ਤਰਜ਼ ’ਤੇ ਸੁਰੱਖਿਆ ਤੇ ਸਾਂਭ ਸੰਭਾਲ ਕੀਤੀ ਜਾਵੇ। ਸਦੀਆਂ ਤੋਂ ਇਹ ਹਵੇਲੀ ਢਹਿੰਦੀ ਢਹਿੰਦੀ ਜਰਜ਼ਰ ਹੋ ਚੁੱਕੀ ਹੈ।ਇਸ ਮਹਾਨ ਵਿਰਾਸਤ ਦੀ ਅਣਦੇਖੀ ਹੋਣਾ ਬੇਹੱਦ ਦੁਖਦਾਈ ਹੈ।
ਸੰਸਦ ਮੈਂਬਰ (ਰਾਜ ਸਭਾ) ਸੰਧੂ ਨੇ ਭਾਰਤ ਸਰਕਾਰ ਨੂੰ ਸਿੱਖ ਧਰਮ ਦੀ ਇਤਿਹਾਸਕ ਧਰੋਹਰ ਦੀਵਾਨ ਟੋਡਰ ਮੱਲ ਦੀ ਜਹਾਜ ਹਵੇਲੀ ਦੀ ਸਾਂਭ ਸੰਭਾਲ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹਿੰਦੂ-ਸਿੱਖ ਸਾਂਝੀਵਾਲਤਾ ਦੀ ਪ੍ਰਤੀਕ ਸਦੀਆਂ ਪੁਰਾਣੀ ਇਸ ਵਿਰਾਸਤ ਨੂੰ ਸੰਭਾਲਣ ਲਈ ਭਾਰਤ ਸਰਕਾਰ ਦਾ ਪੁਰਾਤਾਤਵ ਵਿਭਾਗ (ਏਐੱਸਆਈ) ਛੇਤੀ ਤੋਂ ਛੇਤੀ ਕਦਮ ਚੁੱਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਇਤਿਹਾਸਕ ਵਿਰਾਸਤ ਨੂੰ ਹਮੇਸ਼ਾਂ ਯਾਦ ਰੱਖਣ ਤੇ ਪ੍ਰੇਰਨਾ ਲੈਂਦੀਆਂ ਰਹਿ ਸਕਣ।