ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਡਿਪੋਰਟਟੇਸ਼ਨ ਤੋਂ ਬਾਅਦ ਹਾਲਾਂਕਿ ਏਜੰਟਾ ਖਿਲਾਫ ਪੁਲਿਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਰ ਏਜੰਟ ਗ੍ਰਾਹਕਾਂ ਨੂੰ ਠੱਗਣ ਦੇ ਹੋਰ ਵੀ ਕਈ ਤਰੀਕੇ ਜਾਣਦੇ ਹਨ।
ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਉਨਾਂ ਦੀ ਨੂੰਹ ਅਤੇ ਪੁੱਤਰ ਨੂੰ ਏਜੈਂਟ ਨੇ ਤਿੰਨ ਸਾਲ ਦਾ ਵਰਕ ਪਰਮਿਟ ਅਤੇ ਇੰਗਲੈਂਡ ਵਿੱਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਹਨ।
ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ਵਿੱਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਵਾਈ ਗਈ ਸੀ ਉਹ ਫਰਮ ਹੈ ਹੀ ਨਹੀਂ । ਸ਼ਿਕਾਇਤ ਕਰਤਾ ਕਮਲਜੀਤ ਸਿੰਘ ਅਨੁਸਾਰ ਜਦੋਂ ਏਜੈਂਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ 22 ਲੱਖ ਵਿੱਚ ਤਾਂ ਸਿਰਫ ਇੰਗਲੈਂਡ ਭੇਜਣ ਦਾ ਕਰਾਰ ਹੋਇਆ ਸੀ।
ਪੀੜਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸਦੀ ਨੂੰਹ ਇੰਗਲੈਂਡ ਵਿੱਚ ਕਿਸੇ ਜਾਣ ਪਹਿਚਾਣ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ । ਉਹਨਾਂ ਨੂੰ ਆਰਜੀ ਤੌਰ ਤੇ ਥੋੜੇ ਥੋੜੇ ਸਮੇਂ ਲਈ ਕੰਮ ਮਿਲਦਾ ਹੈ ਅਤੇ ਬਾਰ-ਬਾਰ ਉਹਨਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ। ਦੂਜੇ ਪਾਸੇ ਪੀੜਤ ਦੀ ਸ਼ਿਕਾਇਤ ਤੇ DSP ਹੈਡ ਕੁਆਟਰ ਦੀ ਇਨਕੁਆਇਰੀ ਤੋਂ ਬਾਅਦ ਏਜੈਂਟ ਅਤੇ ਵਿਚੋਲੀਏ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।