ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਅੱਜ ਜਨ ਔਸ਼ਧੀ ਦਿਵਸ ’ਤੇ ਪ੍ਰਧਾਨ ਮੰਤਰੀ ਭਾਰਤੀਜਨ ਔਸ਼ਧੀ ਪਰਿਯੋਜਨਾ ਦੀ ਦਸਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੇ ਅਟਾਵਾ ਸਥਿਤ ਜਨ ਔਸ਼ਧੀ ਕੇਂਦਰ ’ਤੇ ਪੁੱਜੇ ਅਤੇ ਉਨ੍ਹਾਂ ਨੇ ਪਰਿਯੋਜਨਾ ਦੇ ਲਾਭਪਾਤਰੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਇਸ ਮੌਕੇ ਸੰਸਦ ਮੈਂਬਰ ਨੇ ਜਨ ਔਸ਼ਧੀ ਪਰਿਯੋਜਨਾ ਦੀ ਸਫਲਤਾ ਬਾਰੇ ਭਲਾਈ ਕੇਂਦਰ ਦੇ ਡਾਕਟਰਾਂ ਅਤੇ ਸਟਾਫ ਨਾਲ ਵੀ ਗੱਲਬਾਤ ਕੀਤੀ ਅਤੇ ਇਸ ’ਚ ਕਿਸੇ ਵੀ ਸੁਧਾਰ ਲਈ ਉਨ੍ਹਾਂ ਨਾਲ ਵਿਚਾਰ ਵੀ ਸਾਂਝੇ ਕੀਤੇ ਗਏ। ਐੱਮਪੀ ਸੰਧੂ ਨੇ ਪਰਿਯੋਜਨਾ ਨੂੰ ਕਾਮਯਾਬ ਬਣਾਉਣ ਲਈ ਕੇਂਦਰਾਂ ਦੇ ਸੰਚਾਲਕਾਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਇਸ ਯੋਜਨਾ ਰਾਹੀਂ ਸਰਕਾਰ, ਉੱਚ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਬਾਜ਼ਾਰੀ ਕੀਮਤਾਂ ਤੋਂ ਘੱਟ ਮੁੱਲ ਉਪਲਬਧ ਕਰਵਾਉਂਦੀ ਹੈ।
ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਇਸ ਯੋਜਨਾ ਦੇ ਲਾਭਪਾਤਰੀਆਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਨਾ ਸਿਰਫ਼ ਨਿਯਮਤ ਦਵਾਈਆਂ ਬਲਕਿ ਕੈਂਸਰ, ਸ਼ੂਗਰ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਉੱਚ-ਗੁਣਵੱਤਾ ਵਾਲੀਆਂ ਮਹਿੰਗੀਆਂ ਜੀਵਨ-ਰੱਖਿਅਕ ਦਵਾਈਆਂ ਵੀ ਕਿਫਾਇਤੀ ਕੀਮਤਾਂ ’ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਸ ਦੇ ਨਤੀਜੇ ਵਜੋਂ ਪਿਛਲੇ 10 ਸਾਲਾਂ ’ਚ ਲੱਖਾਂ ਜਾਨਾਂ ਬਚਾਈਆਂ ਗਈਆਂ ਹਨ।
ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ, “ਦੇਸ਼ ਦੇ ਹਰ ਨਾਗਰਿਕ ਨੂੰ ਘੱਟ ਮੁੱਲ ’ਤੇ ਉੱਚ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਜੈਨਰਿਕ ਦਵਾਈਆਂ ਨੂੰ ਉਤਸ਼ਾਹਿਤ ਕਰਨ ਲਈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤੀ ਜਨ ਔਸ਼ਧੀ ਕੇਂਦਰ ਬਣਾਏ। ਪ੍ਰਧਾਨ ਮੰਤਰੀ ਮੋਦੀ ਨੇ ਇਹ ਯਕੀਨੀ ਬਣਾਇਆ ਕਿ ਦੇਸ਼ ਦਾ ਇੱਕ ਵੀ ਨਾਗਰਿਕ ਗੁਣਵੱਤਾ ਵਾਲੀਆਂ ਦਵਾਈਆਂ ਤੋਂ ਵਾਂਝਾ ਨਾ ਰਹੇ। ਪਹਿਲਾਂ ਦੇ ਉਲਟ, ਅੱਜ ਘੱਟ ਕੀਮਤਾਂ ’ਤੇ ਗੁਣਵੱਤਾ ਵਾਲੀਆਂ ਦਵਾਈਆਂ ਖਰੀਦਣ ਲਈ ਲੋਕ ਆ ਰਹੇ ਹਨ ਅਤੇ ਇਹ 2015 ’ਚ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਦੀ ਕਲਪਨਾ ਤੋਂ ਬਾਅਦ ਹੀ ਸੰਭਵ ਹੋਇਆ ਹੈ।”
ਉਨ੍ਹਾਂ ਕਿਹਾ, “ਇਸ ਪਰਿਯੋਜਨਾ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰੋਜ਼ਾਨਾ ਔਸਤਨ 10 ਲੱਖ ਲੋਕ ਦੇਸ਼ ਭਰ ਦੇ ਜਨ ਔਸ਼ਧੀ ਕੇਂਦਰਾਂ ਤੋਂ ਸਸਤੀਆਂ ਕੀਮਤਾਂ ‘ਤੇ ਜੈਨਰਿਕ ਦਵਾਈਆਂ ਖਰੀਦ ਰਹੇ ਹਨ ਅਤੇ ਇਸਦਾ ਲਾਭ ਉਠਾ ਰਹੇ ਹਨ। ਇਸ ਸਾਲ ਦੇ ਕੇਂਦਰੀ ਬਜਟ ’ਚ ਜਨ ਔਸ਼ਧੀ ਯੋਜਨਾ ਲਈ ਅਲਾਟਮੈਂਟ 2024-25 ’ਚ 284.50 ਕਰੋੜ ਤੋਂ ਵਧਾ ਕੇ 2025-26 ਲਈ 353.50 ਕਰੋੜ ਕੀਤੀ ਗਈ ਹੈ, ਜੋ ਕਿ 24.3% ਦੇ ਵਾਧੇ ਨੂੰ ਦਰਸਾਉਂਦੀ ਹੈ। ਹੁਣ ਤੱਕ ਦੇਸ਼ ਭਰ ’ਚ 15,000 ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ ਅਤੇ 2027 ਤੱਕ ਇਸਦਾ ਟੀਚਾ 25,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਹੈ। ਇਸ ਸਮੇਂ, ਇਨ੍ਹਾਂ ਕੇਂਦਰਾਂ ’ਚ 2047 ਦਵਾਈਆਂ ਅਤੇ 300 ਹੋਰ ਸਰਜੀਕਲ ਉਤਪਾਦ ਆਦਿ ਉਪਲਬਧ ਹਨ। ਪਿਛਲੇ 10 ਸਾਲਾਂ ‘ਚ ਇਨ੍ਹਾਂ ਕੇਂਦਰਾਂ ਦੀ ਗਿਣਤੀ ‘ਚ 185 ਗੁਣਾ ਵਾਧਾ ਹੋਇਆ ਹੈ (2014 ‘ਚ 80 ਤੋਂ 2024 ‘ਚ 15,000 ਕੇਂਦਰ)। ਇਸੇ ਤਰ੍ਹਾਂ, 2014 ‘ਚ 7.29 ਕਰੋੜ ਰੁਪਏ ਦੀ ਵਿਕਰੀ ਦੇ ਮੁਕਾਬਲੇ, ਜਿੱਥੇ 1767 ਕਰੋੜ ਰੁਪਏ ਦੀਆਂ ਦਵਾਈਆਂ ਵੇਚੀਆਂ ਗਈਆਂ ਸਨ, 2024-25 (ਫਰਵਰੀ ਤੱਕ) ਪਿਛਲੇ 10 ਸਾਲਾਂ ‘ਚ 6100 ਕਰੋੜ ਰੁਪਏ ਦੀਆਂ ਦਵਾਈਆਂ ਵੇਚੀਆਂ ਗਈਆਂ ਹਨ। ਇਸ ਨੇਕ ਯੋਜਨਾ ਕਾਰਨ ਨਾਗਰਿਕਾਂ ਨੂੰ ਸਸਤੀਆਂ ਦਰਾਂ ‘ਤੇ ਗੁਣਵੱਤਾ ਵਾਲੀਆਂ ਦਵਾਈਆਂ ਦੀ ਵਿਕਰੀ ਨਾਲ 30,000 ਕਰੋੜ ਰੁਪਏ ਦੀ ਬਚਤ ਹੋਈ ਹੈ। ਸਤੰਬਰ 2024 ’ਚ, ਇਨ੍ਹਾਂ ਕੇਂਦਰਾਂ ਨੇ 200 ਕਰੋੜ ਦੀ ਰਿਕਾਰਡ ਵਿਕਰੀ ਪ੍ਰਾਪਤ ਕੀਤੀ, ਜੋ ਕਿ ਸਾਲ-ਦਰ-ਸਾਲ ਦੇ ਆਧਾਰ ’ਤੇ 42% ਦੀ ਮਹੱਤਵਪੂਰਨ ਵਾਧਾ ਦਰ ਨੂੰ ਉਜਾਗਰ ਕਰਦੀ ਹੈ। ਜਨ ਔਸ਼ਧੀ ਕੇਂਦਰਾਂ ਲਈ ਮਹੀਨਾਵਾਰ ਔਸਤ ਲਾਭਪਾਤਰੀ 2.5 ਤੋਂ 3 ਕਰੋੜ ਦੇ ਵਿਚਕਾਰ ਹਨ।”
ਸੰਧੂ ਨੇ ਇਹ ਵੀ ਕਿਹਾ ਕਿ ਇਸ ਪਰਿਯੋਜਨਾ ਰਾਹੀਂ ਲੋਕਾਂ ਨੂੰ ਨਾ ਸਿਰਫ ਵਿੱਤੀ ਸਹਾਇਤਾ ਮਿਲੀ ਹੈ ਬਲਕਿ ਜੈਨਰਿਕ ਦਵਾਈਆਂ ਚੰਗੀਆਂ ਨਹੀਂ ਹੁੰਦੀਆਂ, ਇਸ ਸ਼ੱਕ ਦਾ ਵੀ ਖ਼ਾਤਮਾ ਹੋਇਆ ਹੈ।“
ਜਨਔਸ਼ਧੀ ਦਵਾਈਆਂ ਦੇ ਵਿਤਰਕ ਐਸ.ਕੇ. ਸ਼ਰਮਾ ਨੇ ਕਿਹਾ,“ਚੰਡੀਗੜ੍ਹ ਖੇਤਰ ’ਚ 12 ਜਨਔਸ਼ਧੀ ਕੇਂਦਰ ਚੱਲ ਰਹੇ ਹਨ ਜਿੱਥੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ ਦੇ ਲਾਭਪਾਤਰੀਆਂ ਨੇ ਸਿਰਫ਼ 2024-25 ’ਚ 16.5 ਕਰੋੜ ਰੁਪਏ ਦੀਆਂ ਜੈਨਰਿਕ ਦਵਾਈਆਂ ਖਰੀਦੀਆਂ ਹਨ। ਇਸ ਨਾਲ ਇਨ੍ਹਾਂ ਦਵਾਈਆਂ ਦੀ ਬਾਜ਼ਾਰੀ ਕੀਮਤ ਦੇ ਮੁਕਾਬਲੇ ਲਗਭਗ 70 ਪ੍ਰਤੀਸ਼ਤ (ਇਨ੍ਹਾਂ ਦਵਾਈਆਂ ਦੀ ਬਾਜ਼ਾਰੀ ਕੀਮਤ ਲਗਭਗ 26 ਕਰੋੜ ਰੁਪਏ ਹੈ) ਦੀ ਬਚਤ ਹੋਈ ਹੈ। ਔਸਤਨ, ਚੰਡੀਗੜ੍ਹ ਦੇ ਇਨ੍ਹਾਂ ਕੇਂਦਰਾਂ ’ਤੇ ਮਹੀਨਾਵਾਰ 45 ਲੱਖ ਰੁਪਏ ਦੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ ਅਤੇ 2.5 ਲੱਖ ਤੋਂ 3 ਲੱਖ ਤੋਂ ਵੱਧ ਮਰੀਜ਼ ਇਨ੍ਹਾਂ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਨੂੰ ਸਬਸਿਡੀ ਵਾਲੀਆਂ ਕੀਮਤਾਂ (50 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ) ’ਤੇ ਪ੍ਰਾਪਤ ਕਰਕੇ ਸਿੱਧੇ ਤੌਰ ’ਤੇ ਲਾਭ ਉਠਾ ਰਹੇ ਹਨ।“
ਰਜਨੀ ਸ਼ਰਮਾ, ਸੀਨੀਅਰ ਫਾਰਮਾਸਿਸਟ ਜਨ ਔਸ਼ਧੀ ਕੇਂਦਰ ਪੀਜੀਆਈਐਮਈਆਰ, ਚੰਡੀਗੜ੍ਹ ਨੇ ਕਿਹਾ, “ਇਨ੍ਹਾਂ 12 ਜਨ ਔਸ਼ਧੀ ਕੇਂਦਰਾਂ ’ਤੇ ਮਰੀਜ਼ਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ ’ਤੇ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਪ੍ਰਦਾਨ ਕਰਨ ਤੋਂ ਇਲਾਵਾ, ਇਸ ਯੋਜਨਾ ਤਹਿਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੁਆਰਾ ਘਾਤਕ ਬਿਮਾਰੀਆਂ ਤੋਂ ਪੀੜਤ ਕਈ ਮਰੀਜ਼ਾਂ ਦੀਆਂ ਜਾਨਾਂ ਵੀ ਬਚਾਈਆਂ ਗਈਆਂ ਹਨ। ਚੰਡੀਗੜ੍ਹ ਦੇ ਇਨ੍ਹਾਂ 12 ਕੇਂਦਰਾਂ ’ਤੇ ਮਹੀਨੇਵਾਰ ਕੈਂਸਰ ਵਰਗੀਆਂ ਪੁਰਾਣੀਆਂ ਬਿਮਾਰੀਆਂ ਲਈ 600 ਮਰੀਜ਼, ਗੁਰਦੇ ਲਈ 600 ਮਰੀਜ਼ ਅਤੇ ਸ਼ੂਗਰ ਲਈ 400 ਮਰੀਜ਼ ਨਿਯਮਿਤ ਤੌਰ ’ਤੇ ਜੀਵਨ ਰੱਖਿਅਕ ਦਵਾਈਆਂ ਸਬਸਿਡੀ ਵਾਲੀਆਂ ਕੀਮਤਾਂ (50 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ) ’ਤੇ ਪ੍ਰਾਪਤ ਕਰਨ ਲਈ ਆ ਰਹੇ ਹਨ।“
ਸ਼ਰਮਾ ਨੇ ਅੱਗੇ ਕਿਹਾ, “ਦੇਸ਼ ’ਚ ਮਾਹਵਾਰੀ ਦੀ ਸਫਾਈ ਨੂੰ ਯਕੀਨੀ ਬਣਾਉਣ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਇਸ ਯੋਜਨਾ ਤਹਿਤ, ਸੈਨੇਟਰੀ ਨੈਪਕਿਨ (ਬਾਇਓ-ਡੀਗ੍ਰੇਡੇਬਲ) 1 ਰੁਪਏ ਦੀ ਸਬਸਿਡੀ ਵਾਲੀ ਦਰ ’ਤੇ ਪ੍ਰਦਾਨ ਕੀਤੇ ਜਾਂਦੇ ਹਨ। ਸਰਕਾਰੀ ਰਿਕਾਰਡ ਅਨੁਸਾਰ, 31 ਜਨਵਰੀ, 2025 ਤੱਕ 72 ਕਰੋੜ ਸੈਨੇਟਰੀ ਪੈਡ ਵੇਚੇ ਗਏ ਹਨ।12 ਕੇਂਦਰਾਂ ਤੋਂ ਸਬਸਿਡੀ ਵਾਲੇ ਸੈਨੇਟਰੀ ਨੈਪਕਿਨ ਖਰੀਦਣ ਨਾਲ 5 ਲੱਖ ਔਰਤਾਂ ਨੂੰ ਲਾਭ ਹੋਇਆ ਹੈ।“
ਚੰਡੀਗੜ੍ਹ ਦੇ ਸੈਕਟਰ 42 ਵਿਖੇ ਸਥਿਤ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦੀ ਮਾਲਕਣ ਮੋਨਿਕਾ ਭੰਡੂਲਾ ਨੇ ਕਿਹਾ, “ਇਹ ਜਨ ਔਸ਼ਧੀ ਕੇਂਦਰ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਖੋਲ੍ਹਿਆ ਗਿਆ ਸੀ ਅਤੇ ਇਹ ਹੁਣ ਬਹੁਤ ਮਸ਼ਹੂਰ ਹੋ ਗਿਆ ਕਿਉਂਕਿ ਜਨ ਔਸ਼ਧੀ ਦਵਾਈਆਂ ਦੀਆਂ ਕੀਮਤਾਂ ਖੁੱਲ੍ਹੇ ਬਾਜ਼ਾਰ ’ਚ ਉਪਲਬਧ ਬ੍ਰਾਂਡੇਡ ਦਵਾਈਆਂ ਦੀਆਂ ਕੀਮਤਾਂ ਨਾਲੋਂ 90% ਤੱਕ ਘੱਟ ਹਨ। ਕੇਂਦਰ ’ਤੇ ਲਗਭਗ 300 ਮੈਡੀਕਲ ਉਪਕਰਣ ਵੀ 80 ਪ੍ਰਤੀਸ਼ਤ ਤੱਕ ਦੀ ਛੋਟ ਵਾਲੀ ਕੀਮਤ ’ਤੇ ਉਪਲਬਧ ਹਨ। ਜਿਹੜੀਆਂ ਔਰਤਾਂ ਪਹਿਲਾਂ ਕੱਪੜੇ ਦੀ ਵਰਤੋਂ ਕਰਦੀਆਂ ਸਨ ਅਤੇ ਸੈਨੇਟਰੀ ਨੈਪਕਿਨ ਨਹੀਂ ਖਰੀਦ ਸਕਦੀਆਂ ਸਨ, ਉਨ੍ਹਾਂ ਨੂੰ ਵੀ ਇਸ ਤੋਂ ਬਹੁਤ ਫਾਇਦਾ ਹੋਇਆ ਹੈ। ਗਰਭ ਅਵਸਥਾ ਨਾਲ ਸਬੰਧਤ ਦਵਾਈਆਂ ਵੀ ਇੱਥੇ ਘੱਟ ਕੀਮਤਾਂ ’ਤੇ ਉਪਲਬਧ ਹਨ। ਇਨ੍ਹਾਂ ਕੇਂਦਰਾਂ ਨੇ ਲੋਕਾਂ ਨੂੰ ਸਿਹਤ ਸੰਭਾਲ ’ਤੇ ਜੇਬ ’ਚੋਂ ਹੋਣ ਵਾਲੇ ਖਰਚ ਨੂੰ ਘਟਾਉਣ ’ਚ ਸੱਚਮੁੱਚ ਮਦਦ ਕੀਤੀ ਹੈ।“
ਚੰਡੀਗੜ੍ਹ ਸਥਿਤ ਅਟਾਵਾ ਦੇ ਇੱਕ ਮਰੀਜ਼ ਦੇ ਬੇਟੇ ਸੰਨੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਕੋਲ ਉਸਦੇ ਇਲਾਜ ਲਈ ਪੈਸੇ ਨਹੀਂ ਸਨ। ਉਨ੍ਹਾਂ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਧੰਨਵਾਦ ਕੀਤਾ, ਜਿਸ ਕਾਰਨ ਉਸਦੀ ਮਾਂ ਦੇ ਦਿਲ ਦਾ ਆਪ੍ਰੇਸ਼ਨ ਮੁਫਤ ਕੀਤਾ ਗਿਆ ਤੇ ਇੱਕ ਸਟੈਂਟ ਪਾਇਆ ਗਿਆ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇੰਨਾ ਹੀ ਨਹੀਂ, ਜੋ ਦਵਾਈਆਂ ਉਸਨੇ ਪਹਿਲਾਂ ਬਾਜ਼ਾਰ ਤੋਂ 15 ਹਜ਼ਾਰ ਰੁਪਏ ’ਚ ਖਰੀਦੀਆਂ ਸਨ, ਉਹ ਉਸਨੂੰ ਜਨ ਔਸ਼ਧੀ ਕੇਂਦਰ ਤੋਂ ਸਿਰਫ਼ ਸਾਢੇ ਤਿੰਨ ਹਜ਼ਾਰ ਰੁਪਏ ’ਚ ਮਿਲ ਗਈਆਂ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਸਥਾਪਿਤ ਜਨ ਔਸ਼ਧੀ ਕੇਂਦਰ ਗ਼ਰੀਬਾਂ ਲਈ ਬਹੁਤ ਮਦਦਗਾਰ ਹਨ।
ਚੰਡੀਗੜ੍ਹ ਦੇ ਨਿਵਾਸੀ ਤੇ ਜਨ ਔਸ਼ਧੀ ਪਰਿਯੋਜਨਾ ਦੇ ਲਾਭਪਾਤਰੀ ਰਾਜਵੀਰ ਸਿੰਘ ਨੇ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਵੀ ਪਿਛਲੇ 20 ਸਾਲਾਂ ਤੋਂ ਇਲਾਜ ਕਰਵਾ ਰਹੇ ਹਾਂ। ਅਸੀਂ ਇੱਥੋਂ ਸ਼ੂਗਰ, ਬੀਪੀ ਅਤੇ ਨਿਊਰੋ ਲਈ ਦਵਾਈਆਂ ਖਰੀਦ ਰਹੇ ਹਾਂ। ਇਨ੍ਹਾਂ ਦਵਾਈਆਂ ਦੀ ਕੀਮਤ ਪ੍ਰਾਈਵੇਟ ਫਰਮਾਂ ਵੱਲੋਂ ਐਮਆਰ, ਪੈਕਿੰਗ ਅਤੇ ਆਵਾਜਾਈ ’ਤੇ ਕੀਤੇ ਜਾਣ ਵਾਲੇ ਖਰਚਿਆਂ ਕਾਰਨ ਵਧਦੀ ਹੈ। ਸਰਕਾਰ ਨੇ ਜਨ ਔਸ਼ਧੀ ਕੇਂਦਰ ਰਾਹੀਂ 90 ਪ੍ਰਤੀਸ਼ਤ ਖਰਚੇ ਹਟਾ ਕੇ ਇਨ੍ਹਾਂ ਦਵਾਈਆਂ ਦੇ ਲਾਭ ਸਿੱਧੇ ਲੋਕਾਂ ਨੂੰ ਪ੍ਰਦਾਨ ਕੀਤੇ ਹਨ। ਪਹਿਲਾਂ, ਜਿੱਥੋਂ ਮੈਂ ਆਪਣੀ ਪਤਨੀ ਲਈ ਦਵਾਈਆਂ ਖਰੀਦਦਾ ਸੀ, ਤਿੰਨ ਮਹੀਨਿਆਂ ਦੀ ਦਵਾਈ ਦੀ ਕੀਮਤ 4000 ਰੁਪਏ ਹੁੰਦੀ ਸੀ। ਪਰ ਅੱਜ ਮੈਂ ਇੱਥੋਂ ਤਿੰਨ ਮਹੀਨਿਆਂ ਲਈ ਦਵਾਈਆਂ 1000 ਰੁਪਏ ਤੋਂ ਵੀ ਘੱਟ ’ਚ ਖਰੀਦੀਆਂ ਹਨ। ਪਹਿਲਾਂ, ਇੰਨੀਆਂ ਮਹਿੰਗੀਆਂ ਦਵਾਈਆਂ ਖਰੀਦਣ ਕਾਰਨ, ਮੇਰੀ ਪੈਨਸ਼ਨ ਦਾ ਜ਼ਿਆਦਾਤਰ ਹਿੱਸਾ ਸਿਰਫ਼ ਦਵਾਈਆਂ ’ਤੇ ਹੀ ਖਰਚ ਹੋ ਜਾਂਦਾ ਸੀ ਅਤੇ ਮੇਰੇ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਸੀ। ਦਵਾਈਆਂ ਦੀ ਕੀਮਤ ਘਟਣ ਕਾਰਨ ਮੈਨੂੰ ਬਹੁਤ ਰਾਹਤ ਮਿਲੀ ਹੈ।
ਚੰਡੀਗੜ੍ਹ ਦੇ ਸੈਕਟਰ 56 ਦੀ ਵਸਨੀਕ ਅਤੇ ਜਨ ਔਸ਼ਧੀ ਪਰਿਯੋਜਨਾ ਦੀ ਲਾਭਪਾਤਰੀ ਸੁਨੀਤਾ ਰਾਣੀ ਨੇ ਕਿਹਾ, “ਕੋਰੋਨਾ ਕਾਲ ਦੌਰਾਨ ਮੇਰਾ ਇੱਕ ਸਿਹਤ ਸਬੰਧੀ ਆਪ੍ਰੇਸ਼ਨ ਹੋਇਆ ਸੀ ਅਤੇ ਕਿਉਂਕਿ ਮੇਰੇ ਕੋਲ ਆਯੁਸ਼ਮਾਨ ਕਾਰਡ ਸੀ, ਮੈਨੂੰ ਕੋਈ ਖਰਚਾ ਨਹੀਂ ਚੁੱਕਣਾ ਪਿਆ। ਇੰਨਾ ਹੀ ਨਹੀਂ, ਸਾਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਦਵਾਈਆਂ ਮੁਫ਼ਤ ਮਿਲੀਆਂ। ਪਿਛਲੇ ਦਿਨਾਂ, ਮੇਰੀ ਛੋਟੀ ਦਰਾਣੀ ਦਾ ਵੀ ਇੱਕ ਆਪ੍ਰੇਸ਼ਨ ਹੋਇਆ ਸੀ ਅਤੇ ਉਸਦਾ ਵੀ ਕੋਈ ਖਰਚਾ ਨਹੀਂ ਹੋਇਆ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਦੇਸ਼ ਨੂੰ ਵਿਕਾਸ ਵੱਲ ਲੈ ਜਾ ਰਹੇ ਹਨ। ਸਾਨੂੰ ਮੋਦੀ ਜੀ ਦੇ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ। ਅੱਜ ਜਨ ਔਸ਼ਧੀ ਦਿਵਸ ’ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇੱਥੇ ਸੈਨੇਟਰੀ ਪੈਡਸ ਸਿਰਫ਼ ਇੱਕ ਰੁਪਏ ’ਚ ਮਿਲਦੇ ਹਨ ਅਤੇ ਬਹੁਤ ਸਾਰੀਆਂ ਦਵਾਈਆਂ ਸਸਤੀਆਂ ਕੀਮਤਾਂ ’ਤੇ ਉਪਲਬਧ ਹਨ।”