ਰਾਏਕੋਟ ਸ਼ਹਿਰ ਦੇ ਮੁਹੱਲਾ ਬੈਂਕ ਕਾਲੋਨੀ ਵਿਚ ਇਕ ਕਲਯੁੱਗੀ ਪੁੱਤ ਤੇ ਨੂੰਹ ਵੱਲੋਂ 85 ਸਾਲਾਂ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਕਾਰਵਾਈ ਕਰਦਿਆਂ ਰਾਏਕੋਟ ਸਿਟੀ ਪੁਲਿਸ ਨੇ ਮੁੱਕਦਮਾ ਦਰਜ ਕਰਕੇ ਉਕਤ ਪੁੱਤ ਤੇ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ SHO ਅਮਰਜੀਤ ਸਿੰਘ ਨੇ ਦੱਸਿਆ ਕਿ 85 ਸਾਲਾ ਬਜ਼ੁਰਗ ਔਰਤ ਗੁਰਨਾਮ ਕੌਰ ਪਤਨੀ ਸਵਰਗੀ ਪਿਆਰਾ ਸਿੰਘ ਰਾਏਕੋਟ ਸ਼ਹਿਰ ਦੇ ਮਹੱਲਾ ਬੈਂਕ ਕਲੋਨੀ ਵਿਖੇ ਆਪਣੇ ਬੇਟੇ ਜਸਵੀਰ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਸਮੇਤ ਰਹਿੰਦੀ ਹੈ, ਜਦਕਿ ਉਸ ਬਜ਼ੁਰਗ ਔਰਤ ਦੀ ਬੇਟੀ ਵਿਦੇਸ਼ ਆਸਟਰੇਲੀਆ ਵਿਖੇ ਰਹਿੰਦੀ ਹੈ ਅਤੇ ਬੇਟੀ ਵੱਲੋਂ ਆਪਣੀ ਮਾਂ ਦਾ ਖਿਆਲ ਰੱਖਣ ਦੇ ਲਈ ਘਰ ਵਿੱਚ CCTV ਕੈਮਰੇ ਲਗਵਾਏ ਹੋਏ ਹਨ।
ਉਨਾਂ ਦੀ ਫੁਟੇਜ ਉਹ ਵਿਦੇਸ਼ ਬੈਠ ਕੇ ਦੇਖਦੀ ਰਹਿੰਦੀ ਹੈ ਪ੍ਰੰਤੂ 1 ਅਪ੍ਰੈਲ 2025 ਨੂੰ ਉਸਨੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਦੇਖਿਆ ਕਿ ਉਸ ਦੀ ਬਜ਼ੁਰਗ ਮਾਂ ਨੂੰ ਉਸਦਾ ਭਰਾ ਜਸਵੀਰ ਸਿੰਘ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਹੈ।
ਜਿਸ ‘ਤੇ ਉਸ ਨੇ ਇਹ ਵੀਡੀਓ ਫੁਟੇਜ ਗੁਰਪ੍ਰੀਤ ਸਿੰਘ ਉਰਫ ਮਿੰਟੂ ਚੇਅਰਮੈਨ ਮਨੁੱਖਤਾ ਦੀ ਸੇਵਾ ਹਸਨਪੁਰ ਨੂੰ ਭੇਜ ਦਿੱਤੀ ਤਾਂ ਉਹ ਆਪਣੀ ਟੀਮ ਸਮੇਤ ਪੀੜਤ ਗੁਰਨਾਮ ਕੌਰ ਦੇ ਘਰ ਆਇਆ ਅਤੇ ਪੀੜਤ ਬਜ਼ੁਰਗ ਮਾਤਾ ਨੂੰ ਇਲਾਜ ਲਈ ਰਾਏਕੋਟ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ, ਜਿਥੋ ਡਾਕਟਰਾਂ ਵਲੋਂ ਇੱਕ ਰੁਕਾ ਥਾਣਾ ਸਿਟੀ ਰਾਏਕੋਟ ਵਿਖੇ ਭੇਜਿਆ ਗਿਆ।
ਜਿਸ ਦੇ ਅਧਾਰ ‘ਤੇ ਥਾਣਾ ਸਿਟੀ ਰਾਏਕੋਟ ਦੇ ਏਐਸਆਈ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਹਸਪਤਾਲ ਵਿਖੇ ਜਾ ਕੇ ਪੀੜ੍ਹਤ ਬਜ਼ੁਰਗ ਮਾਤਾ ਦੇ ਬਿਆਨ ਕਲਮ ਬੰਦ ਕੀਤੇ। ਜਿਸ ਦੌਰਾਨ ਪੀੜਤ ਮਾਤਾ ਨੇ ਦੱਸਿਆ ਕਿ ਉਸਦਾ ਲੜਕਾ ਜਸਵੀਰ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਪਿਛਲੇ ਲੰਮੇ ਸਮੇਂ ਤੋ ਹੀ ਰਲ ਕੇ ਉਸਦੀ ਕੁੱਟਮਾਰ ਕਰਦੇ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੀੜਤ ਬਜ਼ੁਰਗ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦੇ ਲੜਕੇ ਜਸਵੀਰ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉਧਰ ਜਦੋਂ ਉਕਤ ਕਲਯੁਗੀ ਪੁੱਤਰ ਅਤੇ ਨੂੰਹ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਇਸ ਕਾਰੇ ਲਈ ਗਲਤੀ ਮੰਨਣ ਲੱਗ ਪਏ ਪਰ ਬਾਅਦ ਵਿੱਚ ਆਪਣੀ ਕਰਤੂਤ ‘ਤੇ ਪਰਦਾ ਪਾਉਣ ਲਈ ਹੋਰ ਹੀ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦਕਿ CCTV ਕੈਮਰੇ ਦੀ ਫੁਟੇਜ ਵਿੱਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਉਕਤ ਕਲਯੁਗੀ ਪੁੱਤ ਆਪਣੀ ਮਾਂ ਦੀ ਬੜੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰ ਰਿਹਾ ਹੈ।