ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖਿਲਾਫ ਐਕਸ਼ਨ ਲਏ ਜਾ ਰਹੇ ਹਨ ਇਥੇ ਹੀ ਹੁਣ ਇਸ ਮਾਮਲੇ ਵਿੱਚ ਬਟਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।
ਦੱਸ ਦੇਈਏ ਕਿ ਪੁਲਿਸ ਨੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਸਰਵਣ ਸਿੰਘ ਉਰਫ਼ ਜੀਵਨ ਫੌਜੀ, ਜੋ ਕਿ ਪੁਲਿਸ ਥਾਣਿਆਂ ‘ਤੇ ਗ੍ਰਨੇਡ ਹਮਲਿਆਂ ਦਾ ਦੋਸ਼ੀ ਹੈ ਅਤੇ ਜਿਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੂਬੇ ਵਿੱਚ ਕਈ ਫਿਰੌਤੀ ਦੇ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ। ਉਸਦੇ ਪੰਜ ਸਾਥੀਆਂ ਨੂੰ ਦੋ ਪਿਸਤੌਲਾਂ, ਮੈਗਜ਼ੀਨਾਂ ਅਤੇ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਰਾਜਪਾਲ ਦੇ ਦੌਰੇ ਤੋਂ ਪਹਿਲਾਂ ਇੱਕ ਹੋਰ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਗਗਨਦੀਪ ਸਿੰਘ ਜੀਵਨ ਫੌਜੀ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਜੀਵਨ ਫੌਜੀ ਵੱਲੋਂ ਟਾਰਗੇਟ ਕਿਲਿੰਗ ਲਈ ਨਿਯੁਕਤ ਕੀਤੇ ਗਏ ਗੁੰਡਿਆਂ ਨੂੰ ਹਥਿਆਰ ਆਦਿ ਮੁਹੱਈਆ ਕਰਵਾਉਂਦਾ ਸੀ।
2 ਅਪ੍ਰੈਲ ਨੂੰ ਇਨ੍ਹਾਂ ਲੋਕਾਂ ਨੇ ਇੱਕ ਵਾਰ ਫਿਰ ਡੇਰਾ ਬਾਬਾ ਨਾਨਕ ਦੇ ਹਾਰਡਵੇਅਰ ਕਾਰੋਬਾਰੀ ਬੌਬੀ ਦੀ ਦੁਕਾਨ ‘ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਲਈ ਇੱਕ ਰੇਕੀ ਵੀ ਕੀਤੀ ਗਈ ਸੀ, ਪਰ ਇਸ ਤੋਂ ਪਹਿਲਾਂ ਪੁਲਿਸ ਨੇ ਜੀਵਨ ਫੌਜੀ ਦੇ ਸਾਥੀ ਸੁਖਨੂਰ ਸਿੰਘ ਅਤੇ ਫਿਰ ਦੋ ਹੋਰ ਸਾਥੀਆਂ ਅਜੇ ਮਸੀਹ ਅਤੇ ਇੰਦਰਾਸ ਮਸੀਹ ਨੂੰ ਮੋਟਰਸਾਈਕਲ ‘ਤੇ ਜਾ ਰਹੇ ਸਮੇਂ ਗ੍ਰਿਫਤਾਰ ਕਰਕੇ ਵੱਡੀ ਘਟਨਾ ਨੂੰ ਨਾਕਾਮ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਦੇ ਹਾਰਡਵੇਅਰ ਕਾਰੋਬਾਰੀ ਦਿਨੇਸ਼ ਕੁਮਾਰ ਉਰਫ਼ ਬੌਬੀ ‘ਤੇ ਪਹਿਲਾਂ ਵੀ ਤਿੰਨ ਵਾਰ ਉਸ ਦੀ ਦੁਕਾਨ ‘ਤੇ ਫਿਰੌਤੀ ਦੀ ਧਮਕੀ ਦੇਣ ਲਈ ਗੋਲੀਬਾਰੀ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਉਨ੍ਹਾਂ ਦੇ ਸਾਥੀਆਂ ਅਮਰਪ੍ਰੀਤ ਕੁਮਾਰ ਅਤੇ ਗਗਨਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।