ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਮੋਹਾਲੀ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ CM ਚਿਹਰੇ ਨੂੰ ਲੈ ਕੇ ਲੋਕਾਂ ਦੀ ਰਾਇ ਜਾਨਣ ਲਈ ਇੱਕ ਨੰਬਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੇ ਸਨ ਪਰ ਭਗਵੰਤ ਮਾਨ ਨੇ ਸਾਫ ਮਨਾ ਕਰ ਦਿੱਤਾ। ਭਗਵੰਤ ਨੇ ਕਿਹਾ ਕਿ ਸਾਨੂੰ ਜਨਤਾ ਤੋਂ ਰਾਇ ਲੈਣੀ ਚਾਹੀਦੀ ਹੈ ਕਿ ਲੋਕ ਪੰਜਾਬ ਵਿੱਚ ‘ਆਪ’ ਦਾ ਮੁੱਖ ਮੰਤਰੀ ਕਿਸ ਨੂੰ ਵੇਖਣਾ ਚਾਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਜਨਤਾ ਮੈਨੂੰ ਜ਼ਿੰਮੇਵਾਰੀ ਦੇਵੇਗੀ, ਮੈਂ ਉਸ ਨੂੰ ਚੰਗੀ ਤਰ੍ਹਾਂ ਨਿਭਾਵਾਂਗਾ।
ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ 70748-70748 ਨੰਬਰ ਜਾਰੀ ਕੀਤਾ ਗਿਆ ਹੈ, ਜੋ ਕਿ 17 ਤਾਰੀਖ਼ ਸ਼ਾਮ 5 ਵਜੇ ਤੱਕ ਜਾਰੀ ਰਹੇਗਾ ਅਤੇ ਉਸ ਤੋਂ ਬਾਅਦ ਜਨਤਾ ਵੱਲੋਂ ਭੇਜੇ ਗਏ ਜਵਾਬਾਂ ਨੂੰ ਵੇਖਦਿਆਂ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਨੰਬਰ ’ਤੇ ਜਨਤਾ ਫ਼ੋਨ, ਮੈਸੇਜ ਜਾਂ ਵਟਸਐੱਪ ’ਤੇ ਵੀ ਕਾਲ ਕਰਕੇ ਆਪਣਾ ਜਵਾਬ ਦੇ ਸਕਦੀ ਹੈ।