ਬਰਨਾਲਾ ਪੁਲਿਸ ਵਲੋਂ ਅਗਵਾ ਹੋਏ ਬੱਚੇ ਦਾ ਮਾਮਲਾ ਸੁਲਝਾਇਆ ਗਿਆ। ਦੱਸ ਦੇਈਏ ਕਿ ਬੀਤੇ ਦਿਨ 4 ਅਪ੍ਰੈਲ ਨੂੰ ਇੱਕ ਝੁੱਗੀ-ਝੌਂਪੜੀ ਵਾਲੇ ਪਰਿਵਾਰ ਦੇ ਦੋ ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ।
ਉਸੇ ਮਾਮਲੇ ਦੇ ਤਹਿਤ ਬਰਨਾਲਾ ਪੁਲਿਸ ਨੇ ਇੱਕ ਰਾਸ਼ਟਰੀ ਪੱਧਰ ਦੇ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਾਣਕਰੀ ਅਨੁਸਾਰ ਅਗਵਾ ਕਰਨ ਵਾਲਿਆਂ ਦੇ ਲਿੰਕ ਮੱਧ ਪ੍ਰਦੇਸ਼ ਤੱਕ ਪਹੁੰਚੇ ਹੋਏ ਹਨ। ਪੁਲਿਸ ਵੱਲੋਂ ਲੁਧਿਆਣਾ ਦੇ ਇੱਕ ਗੈਰ-ਕਾਨੂੰਨੀ ਹਸਪਤਾਲ ਤੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ ਗਿਆ, ਜਾਣਕਾਰੀ ਅਨੁਸਾਰ ਬੱਚੇ ਦਾ ਸਿਰ ਮੁੰਨ ਦਿੱਤਾ ਗਿਆ ਸੀ।
ਦੱਸ ਦੇਈਏ ਕਿ DIG ਮਨਦੀਪ ਸਿੰਘ ਸਿੱਧੂ ਅਤੇ ਪੁਲਿਸ ਟੀਮ ਨੇ ਬੱਚੇ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। DIG ਨੇ ਕਿਹਾ ਕਿ CCTV ਫੁਟੇਜ ਅਤੇ ਹੋਰ ਤਕਨੀਕੀ ਸਹਾਇਤਾ ਦੀ ਮਦਦ ਨਾਲ ਪੁਲਿਸ ਅਗਵਾਕਾਰਾਂ ਤੱਕ ਪਹੁੰਚੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਲੁਧਿਆਣਾ ਹਸਪਤਾਲ ਦਾ ਇੱਕ ਡਾਕਟਰ ਵੀ ਸ਼ਾਮਲ ਹੈ।
ਡੀਆਈਜੀ ਨੇ ਕਿਹਾ ਕਿ ਗਿਰੋਹ ਦਾ ਪਲੈਨ ਸੀ ਕਿ ਬੱਚੇ ਨੂੰ ਇੱਕ ਬੇਔਲਾਦ ਜੋੜੇ ਨੂੰ 2 ਲੱਖ ਰੁਪਏ ਵਿੱਚ ਵੇਚਣਾ ਸੀ। ਮੱਧ ਪ੍ਰਦੇਸ਼ ਵਿੱਚ ਜਿੱਥੇ ਬੱਚਾ ਵੇਚਣਾ ਸੀ, ਉੱਥੇ ਇੱਕ ਤਾਂਤਰਿਕ ਲਈ ਇੱਕ ਸੈੱਟ ਤਿਆਰ ਕੀਤਾ ਗਿਆ ਸੀ। ਇਸ ਘਟਨਾ ਵਿੱਚ ਸ਼ਾਮਲ ਦੋ ਮੁਲਜ਼ਮ ਲੁਧਿਆਣਾ ਵਿੱਚ ਹੋਈ 8 ਕਰੋੜ ਰੁਪਏ ਦੀ ਡਕੈਤੀ ਵਿੱਚ ਵੀ ਸ਼ਾਮਲ ਸਨ।
DIG ਨੇ ਬੱਚੇ ਦੀ ਸੁਰੱਖਿਅਤ ਰਿਕਵਰੀ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਐਲਾਨ ਕੀਤਾ ਕਿ ਬੱਚੇ ਦੀ 10ਵੀਂ ਜਮਾਤ ਤੱਕ ਦੀ ਪੜ੍ਹਾਈ ਪੰਜਾਬ ਪੁਲਿਸ ਵੱਲੋਂ ਦਿੱਤੀ ਜਾਵੇਗੀ। ਉੱਥੇ ਉਸਨੇ ਕੇਸ ਨੂੰ ਸੁਲਝਾਉਣ ਵਾਲੀ ਪੂਰੀ ਪੁਲਿਸ ਟੀਮ ਲਈ ਮੈਡਲ ਅਤੇ ਤਰੱਕੀਆਂ ਦਾ ਐਲਾਨ ਵੀ ਕੀਤਾ।