ਹੁਸ਼ਿਆਰਪੁਰ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਦੁਬਈ ‘ਚ ਭੇਤਭਰੇ ਹਾਲਾਤਾਂ ‘ਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ ਹੈ ਜਿਸਦੀ ਉਮਰ 26 ਸਾਲ ਦੀ ਹੈ ਤੇ ਮ੍ਰਿਤਕ ਨੌਜਵਾਨ 6 ਦਸੰਬਰ 2023 ਨੂੰ ਘਰ ਦੀ ਗਰੀਬੀ ਦੂਰ ਕਰਨ ਲਈ ਤੇ ਰੋਜ਼ੀ ਰੋਟੀ ਦੀ ਭਾਲ ਲਈ ਦੁਬਈ ਦੀ ਇਕ ਕੰਪਨੀ ਚ ਗਿਆ ਸੀ।
ਜਿਵੇਂ ਹੀ ਪਰਿਵਾਰ ਨੂੰ ਨੌਜਵਾਨ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਡਿੱਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੀ ਕੰਪਨੀ ਵਲੋਂ ਹੱਤਿਆ ਕੀਤੀ ਗਈ ਹੈ ਕਿਉਂ ਕਿ ਅਕਸਰ ਕੰਪਨੀ ਤਨਖਾਹ ਦੇਣ ਚ ਆਨਾਕਾਨੀ ਕਰਦੀ ਰਹਿੰਦੀ ਸੀ ਤੇ ਇਸਦੀ ਸਿ਼ਕਾਇਤ ਉਧਰ ਹੀ ਕੋਰਟ ਵਿਚ ਉਨ੍ਹਾਂ ਦੇ ਪੁੱਤ ਨੇ ਕੀਤੀ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਰਜ਼ਾ ਚੁੱਕ ਕੇ ਪੁੱਤ ਨੂੰ ਵਿਦੇਸ਼ ਭੇਜਿਆ ਗਿਆ ਸੀ ਤੇ ਅੱਜ ਤੱਕ ਪਰਿਵਾਰ ਨੇ ਉਸ ਦੀਆਂ ਤਨਖਾਹਾਂ ਤੱਕ ਵੀ ਨਹੀਂ ਮੰਗਵਾਈਆਂ ਸੀ। ਪਰਿਵਾਰ ਨੇ ਭਾਰਤ ਅਤੇ ਦੁਬਈ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।