ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਅਤੇ ਭਾਰਤੀ ਜੈਵਲਿਨ ਥ੍ਰੋਅ ਸਟਾਰ ਨੀਰਜ ਚੋਪੜਾ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ ਦੱਸ ਦੇਈਏ ਕਿ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਪੈਰਿਸ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ।
ਜਾਣਕਾਰੀ ਅਨੁਸਾਰ ਨੀਰਜ ਨੇ ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਇੱਕ ਕਰੀਬੀ ਮੁਕਾਬਲੇ ਵਿੱਚ ਹਰਾ ਕੇ ਦੋ ਸਾਲਾਂ ਵਿੱਚ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ।
27 ਸਾਲਾ ਨੀਰਜ ਦਾ ਸਭ ਤੋਂ ਵਧੀਆ ਥਰੋਅ 88.16 ਮੀਟਰ ਸੀ। ਉਸਨੇ ਇਹ ਦੂਰੀ ਪਹਿਲੇ ਦੌਰ ਵਿੱਚ ਹਾਸਲ ਕੀਤੀ, ਪਰ ਅਗਲੇ ਪੰਜ ਥ੍ਰੋਅ ਵਿੱਚ 90 ਮੀਟਰ ਦੇ ਅੰਕੜੇ ਨੂੰ ਛੂਹ ਨਹੀਂ ਸਕਿਆ।
ਨੀਰਜ ਦਾ ਦੂਜਾ ਥਰੋਅ 85.10 ਮੀਟਰ ਸੀ ਅਤੇ ਫਿਰ ਉਸਨੇ ਆਪਣੀ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ 82.89 ਮੀਟਰ ਜੈਵਲਿਨ ਸੁੱਟਿਆ। ਉਸਦੀਆਂ ਤਿੰਨ ਕੋਸ਼ਿਸ਼ਾਂ ਫਾਊਲ ਸਨ।
ਵੇਬਰ 87.88 ਮੀਟਰ ਦੇ ਆਪਣੇ ਸ਼ੁਰੂਆਤੀ ਥਰੋਅ ਨਾਲ ਦੂਜੇ ਸਥਾਨ ‘ਤੇ ਰਿਹਾ, ਜਦੋਂ ਕਿ ਬ੍ਰਾਜ਼ੀਲ ਦੇ ਲੁਈਜ਼ ਮੌਰੀਸੀਓ ਡਾ ਸਿਲਵਾ 86.62 ਮੀਟਰ ਦੇ ਆਪਣੇ ਤੀਜੇ ਦੌਰ ਦੇ ਯਤਨ ਨਾਲ ਤੀਜੇ ਸਥਾਨ ‘ਤੇ ਰਿਹਾ।
ਨੀਰਜ ਨੇ ਇਸ ਸਾਲ ਮਈ ਵਿੱਚ ਦੋਹਾ ਡਾਇਮੰਡ ਲੀਗ ਵਿੱਚ ਪਹਿਲੀ ਵਾਰ 90 ਮੀਟਰ ਦੇ ਅੰਕੜੇ ਨੂੰ ਛੂਹਿਆ ਸੀ। ਟੋਕੀਓ ਓਲੰਪਿਕ ਚੈਂਪੀਅਨ ਨੀਰਜ 90 ਮੀਟਰ ਪਾਰ ਕਰਨ ਵਾਲਾ ਦੁਨੀਆ ਦਾ 25ਵਾਂ ਅਤੇ ਏਸ਼ੀਆ ਦਾ ਤੀਜਾ ਖਿਡਾਰੀ ਬਣ ਗਿਆ।
ਪੈਰਿਸ ਓਲੰਪਿਕ ਚੈਂਪੀਅਨ ਪਾਕਿਸਤਾਨ ਦੇ ਅਰਸ਼ਦ ਨਦੀਮ (92.97 ਮੀਟਰ) ਅਤੇ ਚੀਨੀ ਤਾਈਪੇ ਦੇ ਚਾਓ ਸੁਨ ਚੇਂਗ (91.36 ਮੀਟਰ) ਹੀ ਅਜਿਹੇ ਹੋਰ ਏਸ਼ੀਆਈ ਐਥਲੀਟ ਹਨ ਜਿਨ੍ਹਾਂ ਨੇ 90 ਮੀਟਰ ਤੋਂ ਵੱਧ ਥਰੋਅ ਸੁੱਟਿਆ ਹੈ। ਇਸ ਦੇ ਨਾਲ ਹੀ, ਵੇਬਰ ਨੇ ਦੋਹਾ ਡਾਇਮੰਡ ਲੀਗ ਟੂਰਨਾਮੈਂਟ ਵਿੱਚ ਪਹਿਲੀ ਵਾਰ 90 ਮੀਟਰ ਦਾ ਅੰਕੜਾ ਵੀ ਪਾਰ ਕੀਤਾ।