ਰਾਜ ਸਭਾ ਛੱਡ ਕੇ ਲੁਧਿਆਣਾ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ 17ਵੇਂ ਮੰਤਰੀ ਵਜੋਂ ਸਹੁੰ ਚੁੱਕੀ। ਲੁਧਿਆਣਾ ਪੱਛਮੀ ਉਪ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸੇ ਕਾਰਨ ਕਰਕੇ, ਉਹ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ।
‘ਆਪ’ ਸਰਕਾਰ ਦੇ ਲਗਭਗ ਸਾਢੇ 3 ਸਾਲਾਂ ਦੇ ਕਾਰਜਕਾਲ ਵਿੱਚ ਇਹ 7ਵਾਂ ਮੰਤਰੀ ਮੰਡਲ ਵਿਸਥਾਰ ਹੈ। ਇਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਬਦਲਾਅ ਦੀ ਸੰਭਾਵਨਾ ਹੈ। ਦੱਸ ਦੇਈਏ ਕਿ CM ਮਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ”ਅੱਜ ਪੰਜਾਬ ਰਾਜਭਵਨ, ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਣਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਜੀ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ। ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦੀਆਂ ਬਹੁਤ-ਬਹੁਤ ਵਧਾਈਆਂ।
ਸੰਜੀਵ ਅਰੋੜਾ ਜੀ ਨੂੰ Industry & Commerce, Investment Promotion, NRI Affairs ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਨੂੰ ਉਮੀਦ ਹੈ ਕਿ ਸੰਜੀਵ ਅਰੋੜਾ ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਖਰੇ ਉਤਰਨਗੇ। ਪੰਜਾਬ ਦੇ ਵਿਕਾਸ ਅਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨਗੇ।