ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਨੇ ਇਥੇ ਰਾਜ ਸਭਾ ਮੈਂਬਰ ਸ਼੍ਰੀ ਸਤਨਾਮ ਸਿੰਘ ਸੰਧੂ ਨਾਲ ਚੰਡੀਗੜ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।
ਇਹ ਮੁਲਾਕਾਤ ਅਸ਼ਵਨੀ ਸ਼ਰਮਾ ਦੀ ਨਿਯੁਕਤੀ ਤੋਂ ਬਾਅਦ ਸੀਨੀਅਰ ਆਗੂਆਂ ਨਾਲ ਉਹਨਾਂ ਦੀ ਪਹਿਲੀ ਅਧਿਕਾਰਕ ਮੀਟਿੰਗ ਸੀ, ਜਿਸ ਵਿਚ ਪੰਜਾਬ ਦੀ ਸਿਆਸੀ ਦਿਸ਼ਾ, ਸੁਰੱਖਿਆ, ਨਸ਼ਾ ਮੁਕਤੀ, ਨੌਜਵਾਨਾਂ ਦੇ ਸਰਬਪੱਖੀ ਵਿਕਾਸ, ਅਤੇ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਰਣਨੀਤੀ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।
MP ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਸ਼ਰਮਾ ਨੂੰ ਨਵੀਂ ਜਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਲੀਡਰਸ਼ਿਪ ਹੇਠ ਭਾਜਪਾ ਪੰਜਾਬ ਵਿਚ ਨਵੀਂ ਗਤੀ ਅਤੇ ਦਿਸ਼ਾ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ,“ਅਸ਼ਵਨੀ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਸੰਘਰਸ਼ਮਈ ਅਤੇ ਸੂਝਵਾਨ ਸਿਆਸੀ ਅਨੁਭਵ ਹੈ। ਉਹ ਜ਼ਮੀਨ ਨਾਲ ਜੁੜੇ ਆਗੂ ਹਨ, ਜਿਨ੍ਹਾਂ ਦੀ ਅਗਵਾਈ ਸਿਰਫ਼ ਸੰਗਠਨ ਨੂੰ ਹੀ ਨਹੀਂ, ਸੂਬੇ ਨੂੰ ਵੀ ਨਵੀਂ ਉਮੀਦ ਦੇਵੇਗੀ।”
ਅਸ਼ਵਨੀ ਕੁਮਾਰ ਸ਼ਰਮਾ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਠਨ ਨੂੰ ਨਵੀਂ ਊਰਜਾ ਨਾਲ ਅੱਗੇ ਲੈ ਜਾਣ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਇੱਕ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ:“ਅਸੀਂ ਪੰਜਾਬ ਵਿਚ ਭਾਜਪਾ ਨੂੰ ਇੱਕ ਮਜ਼ਬੂਤ ਅਤੇ ਵਿਸ਼ਵਾਸਯੋਗ ਵਿਕਲਪ ਵਜੋਂ ਖੜਾ ਕਰਨ ਲਈ ਹਰ ਪੱਧਰ ’ਤੇ ਕੰਮ ਕਰਾਂਗੇ।
ਆਗੂਆਂ ਨੇ ਇਹ ਵੀ ਸਾਂਝਾ ਕੀਤਾ ਕਿ ਭਾਜਪਾ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ਦੇ ਸਿਧਾਂਤ ਅਧੀਨ ਪੰਜਾਬ ਵਿੱਚ ਹਰ ਵਰਗ ਅਤੇ ਹਰੇਕ ਕੋਨੇ ਤੱਕ ਪਹੁੰਚ ਬਣਾਉਣ ਅਤੇ ਨੀਤੀਗਤ ਮੁੱਦਿਆਂ ’ਤੇ ਲੋਕਾਂ ਨੂੰ ਜਾਗਰੂਕ ਕਰੇਗੀ।