ਸੋਮਵਾਰ ਨੂੰ ਵਿਸ਼ਵ ਆਰਥਿਕ ਮੰਚ ਦੀ ਬੈਠਕ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ। ਪੂਰੀ ਦੁਨੀਆ ਵਿੱਚ ਕੋਹਰਾਮ ਮਚਾ ਰਹੇ ਕੋਰੋਨਾ ਵਾਇਰਸ ‘ਤੇ ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਦਾ ਡਟ ਕੇ ਮੁਕਾਬਲਾ ਕੀਤਾ ਹੈ। ਅੱਜ ਭਾਰਤ ਕੋਰੋਨਾ ਦੀ ਇਕ ਹੋਰ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੇ ਲੋਕ ਕੋਵਿਡ ਤੋਂ ਸਾਵਧਾਨੀ ਨਾਲ ਮੁਕਾਬਲਾ ਕਰ ਰਹੇ ਹਨ।
ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਉਮੀਦ ਦਾ ਤੋਹਫਾ ਦਿੱਤਾ ਹੈ। ਭਾਰਤ ‘One Earth, One Health’ ਤਹਿਤ ਦੁਨੀਆ ਦੇ ਕਈ ਦੇਸ਼ਾਂ ਨੂੰ ਵੈਕਸੀਨ ਦੇ ਕੇ ਲੱਖਾਂ ਜਾਨਾਂ ਬਚਾ ਰਿਹਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਡਰੱਗ ਉਤਪਾਦਕ ਦੇਸ਼ ਹੈ। ਪੀ.ਐੱਮ. ਮੋਦੀ ਨੇ ਕ੍ਰਿਪਟੋਕਰੰਸੀ ‘ਤੇ ਕਿਹਾ ਕਿ ਵਰਚੁਅਲ ਕਰੰਸੀ ਨਾਲ ਜੁੜੀ ਤਕਨੀਕ ਕਿਸੇ ਇੱਕ ਦੇਸ਼ ਲਈ ਇਸ ਦੀ ਚੁਣੌਤੀ ਨਾਲ ਨਜਿੱਠਣ ਲਈ ਕਾਫੀ ਨਹੀਂ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ, ਸੁਰੱਖਿਅਤ ਅਤੇ ਸਫਲ ਡਿਜੀਟਲ ਭੁਗਤਾਨ ਪਲੇਟਫਾਰਮ ਹੈ। ਸਿਰਫ਼ ਪਿਛਲੇ ਮਹੀਨੇ ਵਿੱਚ ਭਾਰਤ ਵਿੱਚ UPI ਰਾਹੀਂ 4.4 ਅਰਬ ਭੁਗਤਾਨ ਕੀਤੇ ਗਏ ਹਨ। ਅਸੀਂ ਭਾਰਤ ਵਿੱਚ ਕਾਰੋਬਾਰ ਕਰਨ ਦੀਆਂ ਚੁਣੌਤੀਆਂ ਨੂੰ ਸਮਝਦੇ ਹਾਂ। ਕਾਰੋਬਾਰ ਕਰਨ ਦੀ ਸੌਖ ਅਰਥਾਤ ‘ਈਜ਼ ਆਫ਼ ਡੂਇੰਗ ਬਿਜ਼ਨਸ’ ਦੇ ਤਹਿਤ ਅਸੀਂ ਕਾਰਪੋਰੇਟ ਟੈਕਸ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਤੀਯੋਗੀ ਬਣਾ ਦਿੱਤਾ ਹੈ। ਭਾਰਤ ਵਿੱਚ ਨਿਵੇਸ਼ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਗਤੀ ਸ਼ਕਤੀ ਯੋਜਨਾ ਦੇ ਤਹਿਤ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਤਾਲਮੇਲ ਨਾਲ ਯਤਨ ਕੀਤੇ ਜਾ ਰਹੇ ਹਨ।