ਥਾਈਲੈਂਡ ਅਤੇ ਕੰਬੋਡੀਆ ਵਿਚਾਲੇ 1000 ਸਾਲ ਪੁਰਾਣੇ ਦੋ ਸ਼ਿਵ ਮੰਦਰਾਂ ਨੂੰ ਲੈ ਕੇ ਸ਼ੁਰੂ ਹੋਇਆ ਟਕਰਾਅ ਤੀਜੇ ਦਿਨ ਵੀ ਜਾਰੀ ਹੈ। ਇਸ ਟਕਰਾਅ ਵਿੱਚ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੰਬੋਡੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਲੜਾਈ ਵਿੱਚ ਉਸਦੇ 13 ਜਵਾਨ ਮਾਰੇ ਗਏ ਹਨ। ਇਨ੍ਹਾਂ ਵਿੱਚ 8 ਨਾਗਰਿਕ ਅਤੇ 5 ਫੌਜੀ ਸ਼ਾਮਲ ਹਨ। ਇਸ ਤੋਂ ਇਲਾਵਾ 71 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਥਾਈਲੈਂਡ ਦੇ 20 ਲੋਕਾਂ ਦੀ ਵੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 14 ਨਾਗਰਿਕ ਅਤੇ 6 ਫੌਜੀ ਸ਼ਾਮਲ ਹਨ।
ਕੰਬੋਡੀਆ ਨੇ ਥਾਈਲੈਂਡ ‘ਤੇ ਜਾਣਬੁੱਝ ਕੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਥਾਈ ਫੌਜ ਉਸਦੀ ਪ੍ਰਭੂਸੱਤਾ ਦੀ ਉਲੰਘਣਾ ਕਰ ਰਹੀ ਹੈ।
ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਦੋਵੇਂ ਦੇਸ਼ ਮਲੇਸ਼ੀਆ ਦੀ ਵਿਚੋਲਗੀ ਹੇਠ 24 ਜੁਲਾਈ ਦੀ ਰਾਤ ਨੂੰ ਜੰਗਬੰਦੀ ‘ਤੇ ਸਹਿਮਤ ਹੋਏ ਸਨ, ਪਰ ਸਮਝੌਤੇ ‘ਤੇ ਪਹੁੰਚਣ ਤੋਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ, ਥਾਈਲੈਂਡ ਨੇ ਆਪਣਾ ਰੁਖ਼ ਬਦਲ ਲਿਆ ਅਤੇ ਸਮਝੌਤੇ ਤੋਂ ਪਿੱਛੇ ਹਟ ਗਿਆ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਮੀਟਿੰਗ ਵਿੱਚ ਕੰਬੋਡੀਆ ਨੇ ਜੰਗ ਰੋਕਣ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ, ਥਾਈਲੈਂਡ ਨੇ ਕੰਬੋਡੀਆ ‘ਤੇ ਸਰਹੱਦੀ ਖੇਤਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦਾ ਦੋਸ਼ ਲਗਾਇਆ। ਥਾਈ ਰਾਜਦੂਤ ਨੇ ਕਿਹਾ ਕਿ ਹਮਲੇ ਕੰਬੋਡੀਆ ਨੇ ਸ਼ੁਰੂ ਕੀਤੇ ਸਨ।