Anil Joshi joins congress: ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਅੱਜ (30 ਸਤੰਬਰ) ਦਿੱਲੀ ਵਿੱਚ ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ, ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ।

ਅਨਿਲ ਜੋਸ਼ੀ ਇਸ ਸਮੇਂ ਅਕਾਲੀ ਦਲ ਦੇ ਉਪ ਪ੍ਰਧਾਨ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸਨ। ਉਹ ਪਹਿਲਾਂ ਭਾਜਪਾ ਦੇ ਮੈਂਬਰ ਸਨ ਅਤੇ ਭਾਜਪਾ ਦੀ ਟਿਕਟ ‘ਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਅਕਾਲੀ ਦਲ-ਭਾਜਪਾ ਗੱਠਜੋੜ ਦੌਰਾਨ ਸਰਕਾਰ ਵਿੱਚ ਮੰਤਰੀ ਵਜੋਂ ਵੀ ਸੇਵਾ ਨਿਭਾਈ। 2021 ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਨਾਲ ਮਤਭੇਦ ਹੋਣ ਕਾਰਨ ਅਨਿਲ ਜੋਸ਼ੀ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਲੜਨਾ ਮੇਰੀ ਤਰਜੀਹ ਹੈ। ਕਾਂਗਰਸ ਪਰਿਵਾਰ ਮੈਨੂੰ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰਦਾ ਹੈ। ਮੈਂ ਅੰਮ੍ਰਿਤਸਰ ਅਤੇ ਪੰਜਾਬ ਦੇ ਹਰ ਵਰਗ ਦੀ ਸੇਵਾ ਕਰਦਾ ਰਹਾਂਗਾ।
ਉਹ ਪਹਿਲੀ ਵਾਰ 2007 ਵਿੱਚ ਵਿਧਾਇਕ ਬਣੇ ਸਨ, ਅਤੇ 2012 ਵਿੱਚ ਅੰਮ੍ਰਿਤਸਰ ਉੱਤਰੀ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ।