ਦੇਸ਼ ਭਰ ਵਿੱਚ 2 ਅਕਤੂਬਰ ਨੂੰ ਧੂਮਧਾਮ ਨਾਲ ਦੁਸਿਹਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਿਟੀ ਬਿਊਟੀਫੁਲ ਚੰਡੀਗੜ੍ਹ ਵਿਖੇ ਅਲੱਗ ਅਲੱਗ ਜਗ੍ਹਾ ਤੇ ਦੁਸਿਹਰਾ ਮਨਾਇਆ ਗਿਆ, ਜਿਸ ਵਿੱਚ ਰਾਜ ਸਭਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸੈਕਟਰ 44 ਬੀ, ਸੈਕਟਰ 49 ਅਤੇ ਡੱਡੂਮਾਜਰਾ ਵਿਖੇ ਹੋਏ ਦੁਸਿਹਰਾ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦਰਮਿਆਨ ਉਹਨਾਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਹਵਾਲੇ ਕਰਨ ਦੀ ਰਸਮ ਅਦਾ ਕੀਤੀ।
ਇਸ ਮੌਕੇ ਐਮਪੀ ਸੰਧੂ ਦੇ ਨਾਲ ਰਾਮਲੀਲਾ ਕਮੇਟੀ ਦੇ ਮੈਂਬਰ ਵੀ ਹਾਜ਼ਰ ਰਹੇ। ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਐਮਪੀ ਨੇ ਕਿਹਾ, “ਦੇਸ਼ ਭਰ ਦੇ ਲੋਕਾਂ ਵਿੱਚ ਅੱਜ ਦੁਸਿਹਰੇ ਮੌਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਲੋਕ ਬਦੀ ਉੱਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਖ਼ਾਸ ਕਰਕੇ ਨੌਜਵਾਨਾਂ ਵਿੱਚ ਇਸ ਪਾਵਨ ਮੌਕੇ ਤੇ ਭਾਰੀ ਉਤਸ਼ਾਹ ਹੈ। ਅਯੁੱਧਿਆ ਵਿੱਚ ਰਾਮ ਮੰਦਿਰ ਦੀ ਸਥਾਪਨਾ ਤੋਂ ਬਾਅਦ ਵਿਸ਼ਵ ਭਰ ਵਿੱਚ ਪ੍ਰਭੂ ਰਾਮ ਦੇ ਸ਼ਰਧਾਲੂਆਂ ਵਿੱਚ ਵੱਡਾ ਉਤਸ਼ਾਹ ਪੈਦਾ ਹੋਇਆ ਹੈ। ਇਹੀ ਨਹੀਂ ਨੌਜਵਾਨ ਆਪਣੀਆਂ ਜੜਾਂ ਦੇ ਨਾਲ ਮੁੜ ਤੋਂ ਜੁੜ ਰਹੇ ਹਨ। ਇਹੀ ਭਾਰਤ ਦੀ ਅਨਮੋਲ ਵਿਰਾਸਤ ਹੈ, ਜਿਸ ਦੀ ਰੱਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਰ ਰਹੀ ਹੈ।”
ਦੱਸ ਦਈਏ ਕਿ ਦੁਸਿਹਰਾ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੰਦਾ ਹੈ। ਇਸ ਦਿਨ ਪ੍ਰਭੂ ਸ੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਬਦੀ ਤੇ ਨੇਕੀ ਦੀ ਜੰਗ ਜਿੱਤੀ ਸੀ।