ਲੁਧਿਆਣਾ, 06 ਅਕਤੂਬਰ 2025 : ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਅੱਜ ਗੁਪਤ ਸੂਚਨਾ ਦੇ ਅਧਾਰ ’ਤੇ ਸ਼ਾਮ ਨਗਰ ਖੇਤਰ ਵਿੱਚ ਵੱਡੀ ਕਾਰਵਾਈ ਕੀਤੀ ਗਈ। ਛਾਪੇ ਦੌਰਾਨ ਇੱਕ ਘਰ ਵਿੱਚ ਨਕਲੀ ਦੇਸੀ ਘਿਓ ਤਿਆਰ ਹੁੰਦਾ ਪਾਇਆ ਗਿਆ। ਮੌਕੇ ਤੋਂ ਟੀਮ ਵੱਲੋਂ ਲਗਭਗ 50 ਕਿਲੋ ਦੇ ਕਰੀਬ ਨਕਲੀ ਦੇਸੀ ਘਿਓ, ਸੁੱਕਾ ਦੁੱਧ ਅਤੇ ਕਰੀਮ ਬਰਾਮਦ ਕੀਤੇ ਗਏ, ਜੋ ਕਿ ਘਟੀਆ ਗੁਣਵੱਤਾ ਵਾਲਾ ਘਿਓ ਤਿਆਰ ਕਰਨ ਲਈ ਵਰਤੇ ਜਾ ਰਹੇ ਸਨ। ਇਹ ਸਾਰਾ ਸਮਾਨ ਤੁਰੰਤ ਕਬਜ਼ੇ ਵਿੱਚ ਲਿਆ ਗਿਆ ਅਤੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਸ਼ੁਰੂ ਕੀਤੀ ਗਈ।
ਪ੍ਰਾਰੰਭਿਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੰਬੰਧਿਤ ਵਿਅਕਤੀਆਂ ਵੱਲੋਂ ਪਹਿਲਾਂ ਵੀ ਨਕਲੀ ਖੁਰਾਕੀ ਸਮੱਗਰੀ ਬਣਾਉਣ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ। ਸਾਲ 2017 ਅਤੇ 2020 ਵਿੱਚ ਇਨ੍ਹਾਂ ਦੇ ਖ਼ਿਲਾਫ਼ ਫੂਡ ਐਂਡ ਸੇਫਟੀ ਐਕਟ ਅਧੀਨ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਸਾਲ 2023 ਵਿੱਚ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ ਸਾਰੀ ਜਾਣਕਾਰੀ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ। ਛਾਪੇ ਦੌਰਾਨ ਪੁਲਿਸ ਚੌਕੀ ਬਸ ਸਟੈਂਡ ਦੀ ਟੀਮ ਦੇ ਸਹਿਯੋਗ ਨਾਲ ਗਿਰੋਹ ਨਾਲ ਸੰਬੰਧਿਤ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਫੂਡ ਸੇਫਟੀ ਟੀਮ ਵੱਲੋਂ ਮੌਕੇ ’ਤੇ ਘਿਓ, ਕਰੀਮ ਅਤੇ ਸੁੱਕੇ ਦੁੱਧ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਇਹ ਸੈਂਪਲ ਹੋਰ ਜਾਂਚ ਲਈ ਲੈਬੋਰਟਰੀ ਭੇਜੇ ਗਏ ਹਨ। ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਫੂਡ ਐਂਡ ਸੇਫਟੀ ਐਕਟ ਅਨੁਸਾਰ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਵਿੱਚ ਫੂਡ ਸੇਫਟੀ ਅਧਿਕਾਰੀ ਯੋਗੇਸ਼ ਗੋਇਲ, ਦਿਵਿਆਜੋਤ ਕੌਰ ਅਤੇ ਹਰਸਿਮਰਨ ਕੌਰ ਮੌਜੂਦ ਸਨ ਜਿਨ੍ਹਾਂ ਨੇ ਪੁਲਿਸ ਟੀਮ ਨਾਲ ਮਿਲ ਕੇ ਕਾਰਵਾਈ ਨੂੰ ਸਫਲ ਬਣਾਇਆ।
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਨਕਲੀ ਘਿਓ, ਕਰੀਮ ਅਤੇ ਹੋਰ ਘਟੀਆ ਸਮੱਗਰੀ ਨਾਲ ਬਣੇ ਖਾਣੇ ਦੀ ਖਪਤ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ। ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾ ਸਿਰਫ਼ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹਨ, ਸਗੋਂ ਸਿਹਤ ਪ੍ਰਣਾਲੀ ’ਤੇ ਵੀ ਵੱਡਾ ਬੋਝ ਪਾਂਦੀਆਂ ਹਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਅਤੇ ਪੁਲਿਸ ਮਿਲ ਕੇ ਇਸ ਕਿਸਮ ਦੇ ਗਿਰੋਹਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾ ਚੁੱਕੇ ਹਨ।
ਡਾ. ਰਮਨਦੀਪ ਕੌਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈਆਂ, ਘਿਓ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਖਰੀਦਦੇ ਸਮੇਂ ਹਮੇਸ਼ਾਂ ਲਾਇਸੈਂਸ ਪ੍ਰਾਪਤ ਦੁਕਾਨਾਂ ਤੋਂ ਹੀ ਖਰੀਦ ਕਰੋ। ਉਨ੍ਹਾਂ ਕਿਹਾ ਕਿ ਗੁਣਵੱਤਾ, ਮਿਆਰ ਅਤੇ ਪੈਕੇਜਿੰਗ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਨੂੰ ਵੀ ਸ਼ੱਕਸਪਦ ਖੁਰਾਕੀ ਸਮੱਗਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਫੂਡ ਸੇਫਟੀ ਵਿਭਾਗ ਨਾਲ ਸੰਪਰਕ ਕਰਨ।