ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਢਾਂਚਾ ਭੰਗ ਕਰਨ ਰਾਹੀਂ ਤੇ ਇਸ ਪ੍ਰਕਿਰਿਆ ਨੂੰ ਸਿੱਧੀਆਂ ਹਕੂਮਤੀ ਨਿਯੁਕਤੀਆਂ ਦੀ ਮੁਥਾਜ ਬਣਾਉਣ ਰਾਹੀਂ ਕੇਂਦਰੀ ਹਕੂਮਤ ਦੇ ਕੰਟਰੋਲ ਵਿੱਚ ਲੈਣ ਦੇ ਕਦਮਾਂ ਦਾ ਤਗੜਾ ਵਿਰੋਧ ਕੀਤਾ ਹੈ ਅਤੇ ਕੇਂਦਰੀਕਰਨ ਦੇ ਇਹਨਾਂ ਕਦਮਾਂ ਨੂੰ ਸਿੱਖਿਆ ਦੇ ਫਿਰਕੂ-ਕਰਨ , ਨਿੱਜੀਕਰਨ ਤੇ ਵਪਾਰੀਕਰਨ ਦੇ ਹਮਲੇ ਨੂੰ ਤੇਜ਼ ਕਰਨ ਦੀ ਵਿਉਂਤ ਦਾ ਹਿੱਸਾ ਕਰਾਰ ਦਿੱਤਾ ਹੈ।
ਦੱਸ ਦੇਈਏ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਦਾ ਸੈਨਟ ਤੇ ਸਿੰਡੀਕੇਟ ਵਾਲਾ ਤੁਰਿਆ ਆਉਂਦਾ ਸਿਸਟਮ ਚਾਹੇ ਆਪਣੇ ਆਪ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲ ‘ਚ ਇਸ ਦੇ ਵਿਦਿਆਰਥੀਆਂ ਤੇ ਲੋਕਾਂ ਦੀ ਹਕੀਕੀ ਜਮਹੂਰੀ ਸ਼ਮੂਲੀਅਤ ਦਾ ਕੋਈ ਬਹੁਤਾ ਅਸਰਦਾਰ ਢੰਗ ਨਹੀਂ ਸੀ, ਪਰ ਕੇਂਦਰੀ ਭਾਜਪਾ ਹਕੂਮਤ ਦੀ ਆਪਣੀ ਲੋਕ-ਦੋਖੀ ਧੁੱਸ ਏਨੀ ਜ਼ੋਰਦਾਰ ਹੈ ਕਿ ਉਸਨੂੰ ਇਹ ਰਸਮੀ ਅਮਲ ਵੀ ਰੜਕਦਾ ਆ ਰਿਹਾ ਸੀ ਤੇ ਆਪਣਾ ਫਿਰਕੂ ਤੇ ਕਾਰਪੋਰੇਟ ਏਜੰਡਾ ਲਾਗੂ ਕਰਨ ਦੇ ਰਾਹ ‘ਚ ਅੜਿੱਕਾ ਜਾਪਦਾ ਸੀ। ਇਸ ਲਈ ਉਸਨੇ ਇਸ ਅੜਿੱਕੇ ਨੂੰ ਵੀ ਦੂਰ ਕਰਨ ਤੇ ਯੂਨੀਵਰਸਿਟੀ ਉੱਤੇ ਆਪਣਾ ਮੁਕੰਮਲ ਕੰਟਰੋਲ ਬਣਾਉਣ ਦੀ ਨੀਤ ‘ਚੋਂ ਹੀ ਇਹ ਕਦਮ ਚੱਕਿਆ ਹੈ। ਇਹ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਪ੍ਰਬੰਧਾਂ ‘ਚ ਦਖਲ ਦੀ ਬਚੀ ਖੁਚੀ ਨਿਗੂਣੀ ਭੂਮਿਕਾ ਨੂੰ ਵੀ ਖਤਮ ਕਰ ਦੇਵੇਗਾ। ਇਹ ਕਦਮ ਯੂਨੀਵਰਸਟੀ ਉੱਤੇ ਪੰਜਾਬੀ ਕੌਮੀਅਤ ਦੇ ਦਾਅਵੇ ਨੂੰ ਵੀ ਕਮਜ਼ੋਰ ਕਰੇਗਾ।
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਾਡੀ ਜਥੇਬੰਦੀ ਵਿਦਿਆਰਥੀਆਂ ਵੱਲੋਂ ਉਠਾਈ ਜਾ ਰਹੀ ਆਵਾਜ਼ ਦਾ ਜ਼ੋਰਦਾਰ ਸਮਰਥਨ ਕਰਦੀ ਹੈ, ਤੇ ਕੇਂਦਰ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਨਾ ਸਿਰਫ ਇਹ ਕਦਮ ਵਾਪਸ ਹੋਣਾ ਚਾਹੀਦਾ ਹੈ ਸਗੋਂ ਸਿੱਖਿਆ ਦੇ ਕੇਂਦਰੀਕਰਨ, ਨਿਜੀਕਰਨ ਤੇ ਵਪਾਰੀਕਰਨ ਦੇ ਸਾਰੇ ਕਦਮ ਰੋਕੇ ਜਾਣੇ ਚਾਹੀਦੇ ਹਨ। ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਮੁੱਢੋਂ ਰੱਦ ਕੀਤੀ ਜਾਣੀ ਚਾਹੀਦੀ ਹੈ। ਨਵੀਂ ਸਿੱਖਿਆ ਨੀਤੀ 2020 ਰੱਦ ਹੋਣੀ ਚਾਹੀਦੀ ਹੈ। ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਅੰਦਰ ਵਿਦਿਆਰਥੀਆਂ ਦੀ ਜਮਹੂਰੀ ਪੁੱਗਤ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਰਤੀ ਕਿਸਾਨਾਂ ਦੇ ਬੱਚਿਆਂ ਲਈ ਉਚੇਰੀ ਸਿੱਖਿਆ ਦਾ ਹੱਕ ਯਕੀਨੀ ਕੀਤਾ ਜਾਣਾ ਚਾਹੀਦਾ ਹੈ।
ਜਥੇਬੰਦੀ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਦੀਆਂ ਮੌਕਾਪ੍ਰਸਤ ਹਾਕਮ ਪਾਰਟੀਆਂ ਤੇ ਮੌਕਾਪ੍ਰਸਤ ਵੋਟ ਸਿਆਸਤਦਾਨਾਂ ਨੂੰ ਆਪਣੇ ਸੰਘਰਸ਼ ਤੋਂ ਪਾਸੇ ਰੱਖਣ ਅਤੇ ਉਹਨਾਂ ਨੂੰ ਆਪਣੇ ਤੌਰ ‘ਤੇ ਇਸ ਮਸਲੇ ‘ਤੇ ਆਵਾਜ਼ ਉਠਾਉਣ ਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਮਜਬੂਰ ਕਰਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਹਾਕਮ ਪਾਰਟੀਆਂ ਆਮ ਕਰਕੇ ਅਜਿਹੇ ਮੁੱਦਿਆਂ ‘ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਆ ਰਹੀਆਂ ਹਨ ਜਦੋਂਕਿ ਸਿੱਖਿਆ ਦੇ ਨਿੱਜੀਕਰਨ ਵਪਾਰੀਕਰਨ ਤੇ ਫਿਰਕੂਕਰਨ ਦੇ ਕਦਮਾਂ ‘ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਪਾਰਟੀਆਂ ਖੁਦ ਰਾਜ ਸੱਤਾ ‘ਚ ਹੁੰਦਿਆਂ ਇਹਨਾਂ ਹੀ ਕਦਮਾਂ ਨੂੰ ਲਾਗੂ ਕਰਨ ‘ਚ ਸ਼ਾਮਿਲ ਰਹਿੰਦੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਇਤਿਹਾਸਿਕ ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਹੋਰਨਾਂ ਲੋਕ ਸੰਘਰਸ਼ਾਂ ਦਾ ਤਜਰਬਾ ਯਾਦ ਰੱਖਣਾ ਚਾਹੀਦਾ ਹੈ। ਇਹਨਾਂ ਸੰਘਰਸ਼ਾਂ ਦੀਆਂ ਕਾਮਯਾਬੀਆਂ ਵਿੱਚ ਇੱਕ ਅਹਿਮ ਕਾਰਨ ਵੋਟ ਪਾਰਟੀਆਂ ਨੂੰ ਇਨਾਂ ਸੰਘਰਸ਼ਾਂ ਦੇ ਮੰਚਾਂ ਤੋਂ ਦੂਰ ਰੱਖਣਾ ਬਣਿਆ ਹੈ। ਸੰਘਰਸ਼ ਲੜਨ ਲਈ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੀ ਹਮਾਇਤ ‘ਤੇ ਟੇਕ ਰੱਖਣੀ ਚਾਹੀਦੀ ਹੈ।






