ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਠੰਡ ਦਾ ਕੇਹਰ ਲਗਾਤਾਰ ਜਾਰੀ ਹੈ ਦੱਸ ਦੇਈਏ ਕਿ ਜਲੰਧਰ ਤੋਂ ਇੱਕ ਬੇਹੱਦ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਪੀ.ਏ.ਪੀ. ਚੌਕ ਤੋਂ ਪਿੱਛੇ ਇੰਡੀਅਨ ਆਇਲ ਡਿਪੂ ਦੇ ਕੋਲ ਸੋਮਵਾਰ ਸਵੇਰੇ ਕਰੀਬ ਸੱਤ ਵਜੇ ਵੱਡਾ ਸੜਕ ਹਾਦਸਾ ਵਾਪਰ ਗਿਆ।
ਫਲਾਈਓਵਰ ‘ਤੇ ਚੜ੍ਹਦੇ ਸਮੇਂ ਦੋ ਬੱਸਾਂ ਟਰੱਕ ਦੀ ਲਪੇਟ ਵਿੱਚ ਆ ਗਈਆਂ। ਹਾਦਸੇ ਤੋਂ ਬਾਅਦ ਦੋਵੇਂ ਬੱਸਾਂ ਅਤੇ ਟਰੱਕ ਸੜਕ ਦੇ ਵਿਚਕਾਰ ਬੁਰੀ ਤਰ੍ਹਾਂ ਨੁਕਸਾਨੀ ਹਾਲਤ ਵਿੱਚ ਰੁਕ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਜਾਣਕਾਰੀ ਅਨੁਸਾਰ, ਇੰਡੀਅਨ ਆਇਲ ਡਿਪੂ ਤੋਂ ਲੋਡ ਲੈ ਕੇ ਟਰੱਕ ਡਰਾਈਵਰ ਫਲਾਈਓਵਰ ਵੱਲ ਚੜ੍ਹ ਰਿਹਾ ਸੀ।
ਇਸੇ ਦੌਰਾਨ ਧੁੰਦ ਕਾਰਨ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਦੀ ਬੱਸ ਦੇ ਡਰਾਈਵਰ ਨੂੰ ਟਰੱਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਬੱਸ ਟਰੱਕ ਨਾਲ ਜਾ ਟਕਰਾਈ।
ਇਸ ਤੋਂ ਤੁਰੰਤ ਬਾਅਦ ਪਿੱਛੇ ਤੋਂ ਆ ਰਹੀ ਨਰਵਾਲ ਟ੍ਰਾਂਸਪੋਰਟ ਦੀ ਬੱਸ ਵੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਬੱਸਾਂ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਸਨ।
ਇਸ ਦੁਰਘਟਨਾ ਵਿੱਚ ਪੰਜਾਬ ਰੋਡਵੇਜ਼ ਦੇ ਦੋ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।







