ਮੋਦੀ ਸਰਕਾਰ ਵੱਲੋਂ ਆਫ-ਰੋਡ ਵਾਹਨਾਂ ਤੋਂ ਹੁੰਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਟਰੈਕਟਰਾਂ, ਹੋਰ ਖੇਤੀ ਉਪਕਰਨਾਂ ਜਿਵੇਂ ਪਾਵਰ ਟਿਲਰਾਂ, ਕੰਬਾਈਨ ਹਾਰਵੈਸਟਰਾਂ ਅਤੇ ਉਸਾਰੀ ਕਾਰਜਾਂ ਲਈ ਵਰਤੇ ਜਾਂਦੇ ਵਾਹਨਾਂ ਲਈ ਸਖ਼ਤ ਨਿਕਾਸੀ ਮਾਪਦੰਡ ਨੋਟੀਫਾਈ ਕੀਤੇ ਹਨ।
ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਨੇ ਨਵੇਂ ਸੈਂਟਰਲ ਮੋਟਰ ਵਹੀਕਲਜ਼ (11ਵੀਂ ਸੋਧ) ਨੇਮ, 2026 ਮੋਟਰ ਵਹੀਕਲਜ਼ ਐਕਟ 1988 ਦੀ ਧਾਰਾ 110 ਤਹਿਤ ਨੋਟੀਫਾਈ ਕੀਤੇ ਗਏ ਹਨ। ਨੇਮਾਂ ਮੁਤਾਬਕ ਸਖ਼ਤ ਮਾਪਦੰਡ ਪਹਿਲੀ ਅਕਤੂਬਰ 2026 ਤੋਂ ਪੜਾਅਵਾਰ ਲਾਗੂ ਹੋਣਗੇ ਜਦੋਂਕਿ ਅਪਰੈਲ 2028 ਅਤੇ ਅਪਰੈਲ 2032 ਵਿੱਚ ਵਾਧੂ ਪੜਾਅ ਹੋਣਗੇ। ਇਹ ਸੋਧ ਖੇਤੀਬਾੜੀ ਮਸ਼ੀਨਰੀ ਲਈ ਨਿਕਾਸ ਮਾਪਦੰਡਾਂ ਨੂੰ ਟਰੈਕਟਰ ਨਿਕਾਸੀ ਨਾਰਮਜ਼ ਸਟੇਜ-5 ਅਤੇ ਉਸਾਰੀ ਉਪਕਰਨਾਂ ਲਈ ਨਿਰਮਾਣ ਉਪਕਰਨ ਵਾਹਨਾਂ ਸਟੇਜ-5 ਵਿੱਚ ਅਪਗ੍ਰੇਡ ਕਰਦੀ ਹੈ।
ਟਰੈਕਟਰ ਨਿਰਮਾਤਾਵਾਂ ਅਤੇ ਉਸਾਰੀ ਉਪਕਰਨ ਕੰਪਨੀਆਂ ਨੂੰ ਨਵੇਂ ਮਾਪਦੰਡ ਪੂਰੇ ਕਰਨ ਲਈ ਇੰਜਣ ਤਕਨਾਲੋਜੀਆਂ ਨੂੰ ਅਪਗ੍ਰੇਡ ਕਰਨ ਦੀ ਲੋੜ ਪਏਗੀ। ਨਵੇਂ ਮਾਪਦੰਡ ਪਹਿਲੀ ਅਕਤੂਬਰ ਤੋਂ ਅਮਲ ‘ਚ ਆਉਣਗੇ। ਟਰੈਕਟਰ ਤੇ ਭਾਰੀ ਮਸ਼ੀਨਰੀ ਦੇ ਖ਼ਰੀਦਦਾਰ ਇਸ ਤਰੀਕ ਮਗਰੋਂ ਨੁਕਸਾਨਦਾਇਕ ਨਿਕਾਸ ਨੂੰ ਘੱਟ ਕਰਨ ਤੇ ਈਂਧਣ ਕੁਸ਼ਲਤਾ ਵਿਚ ਸੁਧਾਰ ਲਈ ਡਿਜ਼ਾਈਨ ਕੀਤੇ ਗਏ ਉੱਨਤ ਨਿਕਾਸ ਕੰਟਰੋਲ ਪ੍ਰਣਾਲੀਆਂ ਨਾਲ ਲੈਸ ਉਪਕਰਨਾਂ ਦੀ ਉਮੀਦ ਕਰ ਸਕਦੇ ਹਨ। ਸਰਕਾਰ ਨੇ ਲਾਗੂ ਨਿਕਾਸੀ ਸਮਾਂ-ਸੀਮਾਵਾਂ ਤੋਂ ਪਹਿਲਾਂ ਬਣੇ ਵਾਹਨਾਂ ਲਈ ਨੌਂ ਮਹੀਨਿਆਂ ਦੀ ਰਜਿਸਟਰੇਸ਼ਨ ਵਿੰਡੋ ਪ੍ਰਦਾਨ ਕੀਤੀ ਹੈ, ਜਿਸ ਨਾਲ ਨਿਰਮਾਤਾਵਾਂ ਅਤੇ ਡੀਲਰਾਂ ਨੂੰ ਟਰਾਂਜ਼ਿਸ਼ਨ ਅਰਸੇ ਦੌਰਾਨ ਆਪਣਾ ਮੌਜੂਦਾ ਸਟਾਕ ਕੱਢਣ ਦਾ ਮੌਕਾ ਮਿਲੇਗਾ।







