ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ 8 ਕਰੂਜ਼ ਮਿਜ਼ਾਈਲਾਂ ਨਾਲ ਵਿਨਿਤਸੀਆ ਸ਼ਹਿਰ ‘ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਨਿਤਸੀਆ ਹਵਾਈ ਅੱਡਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਰਾਸ਼ਟਰਪਤੀ ਜ਼ੇਲੇਨਸਕੀ ਨੇ ਇੱਕ ਵਾਰ ਫਿਰ ਪੱਛਮੀ ਸਹਿਯੋਗੀਆਂ ਨੂੰ ਨੋ-ਫਲਾਈ ਜ਼ੋਨ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦੀ ਰੱਖਿਆ ਕਰਨਾ ਤੁਹਾਡਾ ਫਰਜ਼ ਹੈ, ਜਾਂ ਘੱਟੋ-ਘੱਟ ਸਾਨੂੰ ਜਹਾਜ਼ ਦੇ ਦਿਓ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਅਸੀਂ ਇਹ ਸਿੱਟਾ ਕੱਢਾਂਗੇ ਕਿ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਹੌਲੀ-ਹੌਲੀ ਤਬਾਹ ਕਰ ਦਿੱਤਾ ਜਾਵੇ।
ਦੱਸ ਦੇਈਏ ਕਿ ਵਿਨਿਤਸੀਆ ਪੱਛਮੀ-ਮੱਧ ਯੂਕਰੇਨ ਵਿੱਚ ਸਥਿਤ ਇੱਕ ਸ਼ਹਿਰ ਹੈ ਅਤੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 160 ਮੀਲ ਦੱਖਣ-ਪੱਛਮ ਵਿੱਚ ਸਥਿਤ ਹੈ।
ਓਡੇਸਾ ‘ਤੇ ਰੂਸ ਕਰ ਸਕਦਾ ਹੈ ਹਮਲਾ : ਜ਼ੇਲੇਨਸਕੀ
ਇਸ ਤੋਂ ਪਹਿਲਾਂ ਐਤਵਾਰ ਨੂੰ ਰਾਸ਼ਟਰਪਤੀ ਜ਼ੇਲੇਨਸਕੀ ਨੇ ਦਾਅਵਾ ਕੀਤਾ ਸੀ ਕਿ ਰੂਸੀ ਬਲ ਕਾਲੇ ਸਾਗਰ ਦੇ ਤੱਟ ‘ਤੇ ਸਥਿਤ ਇਤਿਹਾਸਕ ਬੰਦਰਗਾਹ ਸ਼ਹਿਰ ਓਡੇਸਾ ‘ਤੇ ਗੋਲਾਬਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਇਹ ਦਾਅਵਾ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕੀਤਾ ।