ਬੀਤੇ ਦਿਨੀਂ ਕਾਂਗਰਸ ਹਾਈਕਮਾਨ ਵੱਲੋਂ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਹਿਲੀ ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸੀ ਪ੍ਰਧਾਨ ਬਣਨ ’ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਅੱਜ ਜੋ ਅਸੁਰੱਖਿਤ ਮਾਹੌਲ ਬਣਿਆ ਹੋਇਆ ਹੈ ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਕਿਤੇ ਪੰਜਾਬ ਦੇ ਲੋਕਾਂ ‘ਚ 84 ਤੇ 92 ਵਾਲਾ ਡਰ ਪੈਦਾ ਨਾ ਹੋ ਜਾਵੇ।
ਉਨ੍ਹਾਂ ਕਿਹਾ ਪੰਜਾਬ ਦੇ ਨਵੇਂ ਸੀ.ਐਮ. ਭਗਵੰਤ ਮਾਨ ਨੂੰ ਪੰਜਾਬ ਵੱਲ ਧਿਆਣ ਦੇਣ ਦੀ ਲੋੜ ਹੈ ਉਨ੍ਹਾਂ ਨੂੰ ਗੁਜਰਾਤ ਤੇ ਹਿਮਾਚਲ ‘ਚ ਕੀ ਹੋ ਰਿਹਾ ਹੈ ਉਹ ਦੇਖਣ ਦੀ ਲੋੜ ਨਹੀਂ ਉਸ ਨੂੰ ਕੇਜਰੀਵਾਲ ਜੀ ਦੇਖਣ ਪੰਜਾਬ ਮੁੱਖ ਮੰਤਰੀ ਪੰਜਾਬ ‘ਚ ਵੱਧ ਰਹੀ ਅਸੁਰੱਖਿਆ ਵੱਲ ਧਿਆਣ ਦੇਣਾ ਚਾਹੀਦਾ ਹੈ।
ਪਾਰਟੀ ਚੱਲ ਰਹੇ ਕਲੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਅਨੁਸ਼ਾਸਨਹੀਣਤਾ ਬਰਦਾਸ਼ ਨਹੀਂ ਕੀਤੀ ਜਾਵੇਗੀ, ਚਾਹੇ ਉਹ ਕੋਈ ਵੀ ਹੋਵੇ। ਪਾਰਟੀ ਵਿਚ ਅਨੁਸ਼ਾਸਨ ਵਿਚ ਨਾ ਰਹਿਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਸਾਰੇ ਲੋਕਾਂ ਦੀ ਜ਼ਰੂਰਤ ਹੈ ਚਾਹੇ ਉਹ ਨਵਜੋਤ ਸਿੰਘ ਸਿੱਧੂ ਹਨ ਜਾਂ ਸੁਨੀਲ ਜਾਖੜ। ਮਗਰਲੀ ਕਤਾਰ ਵਾਲਿਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਨਵੀਂ ਕਾਂਗਰਸ, ਨਵਾਂ ਮਾਡਲ ਦੇਣ ਅਤੇ ਰਾਹੁਲ ਗਾਂਧੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਮਿਲਣ ਲਈ ਵੀ ਪਹੁੰਚੇ ਸਨ।