ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਮੋਰਚੇ ਦੀ ਲਹਿਰ ਨੂੰ ਤੇਜ਼ ਕਰਨ ਲਈ KMP ਹਾਈਵੇ ਨੂੰ ਅੱਜ 24 ਘੰਟੇ ਲਈ ਜਾਮ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਇਸ ਜਾਮ ‘ਚ ਐਮਰਜੈਂਸੀ ਸੇਵਾਵਾਂ ਵਾਹਨ ਜਿਵੇਂ ਕਿ ਐਂਬੂਲੈਂਸਾਂ, ਵਿਆਹ ਦੀਆਂ ਗੱਡੀਆਂ, ਜ਼ਰੂਰੀ ਵਸਤਾਂ ਦੇ ਵਾਹਨਾਂ ਨੂੰ ਲੰਘਣ ਦੀ ਛੋਟ ਦਿੱਤੀ ਗਈ ਹੈ।
ਕਿਸਾਨਾਂ ਵੱਲੋਂ ਅੱਜ ਕੇਐਮਪੀ-ਕੇਜੀਪੀ ਹਾਈਵੇ ਨੂੰ ਸਵੇਰੇ 8 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਜਾਮ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹੁਣ ਕੁੰਡਲੀ – ਮਨੇਸਰ – ਪਲਵਲ ( ਕੇਐਮਪੀ ) ਐਕਸਪ੍ਰੈਸ ਵੇਅ ‘ਤੇ 24 ਘੰਟੇ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸੈਨਿਕਾਂ ਨੂੰ ਮੌਕੇ ‘ਤੇ ਤਾਇਨਾਤ ਕਰ ਦਿੱਤਾ ਹੈ।
ਇਸ ਦੌਰਾਨ 20 ਕੰਪਨੀਆਂ ਨੂੰ ਕੇਐਮਪੀ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀਆਂ 6 ਡੀਐਸਪੀ ਸਮੇਤ 17 ਇੰਸਪੈਕਟਰਾਂ ਦੇ ਇਸ਼ਾਰੇ ‘ਤੇ ਕੰਮ ਕਰਨਗੀਆਂ। ਕਿਹਾ ਜਾ ਰਿਹਾ ਹੈ ਕਿ ਜਾਮ ਦੌਰਾਨ ਸੁਰੱਖਿਆ ਪ੍ਰਣਾਲੀ ਨੂੰ ਖ਼ਰਾਬ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਕੇਐਮਪੀ ਤੋਂ ਨਾ ਲੰਘਣ।
ਦੱਸ ਦੇਈਏ ਕਿ ਕਿਸਾਨ ਖੇਤੀਬਾੜੀ ਕਾਨੂੰਨ ਖਿਲਾਫ ਲਗਾਤਾਰ ਇਕਜੁੱਟ ਹਨ ਅਤੇ ਸਰਕਾਰ ਤੋਂ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਇਲਾਵਾ ਖਾਲਸਾ ਪੰਥ ਦਾ ਸਥਾਪਨਾ ਦਿਵਸ 13 ਅਪ੍ਰੈਲ ਨੂੰ ਦਿੱਲੀ ਦੇ ਕਿਸਾਨ -ਮੋਰਚਿਆਂ ‘ਤੇ ਮਨਾਇਆ ਜਾਵੇਗਾ ਅਤੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਯਾਦ ‘ਚ ਵੀ ਪ੍ਰੋਗਰਾਮ ਹੋਣਗੇ। ‘ਸੰਵਿਧਾਨ ਬਚਾਓ’ ਦਿਵਸ ਅਤੇ ‘ਕਿਸਾਨ ਬਹੁਜਨ ਏਕਤਾ ਦਿਵਸ’ 14 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਸ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਮੰਚ ਬਹੁਜਨ ਸਮਾਜ ਦੇ ਅੰਦੋਲਨਕਾਰੀ ਚਲਾਉਣਗੇ ਅਤੇ ਸਾਰੇ ਬੁਲਾਰੇ ਵੀ ਬਹੁਜਨ ਹੋਣਗੇ।
18 ਅਪ੍ਰੈਲ ਨੂੰ ਇਸ ਅੰਦੋਲਨ ਵਿਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਅਤੇ ਸਮਰਪਣ ਦਾ ਸਨਮਾਨ ਕਰਦਿਆਂ ਸਾਰੇ ਮੋਰਚਿਆਂ ‘ਤੇ ਸਥਾਨਕ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ। ਉਸ ਦਿਨ ਸਟੇਜ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਸਥਾਨਕ ਲੋਕਾਂ ਨੂੰ ਦਿੱਤੀ ਜਾਵੇਗੀ। 20 ਅਪ੍ਰੈਲ ਨੂੰ ਧੰਨਾ ਭਗਤ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੀ ਪਿੰਡ ਧੋਆ ਕਲਾਂ ਤੋਂ ਮਿੱਟੀ ਦਿੱਲੀ ਦੇ ਮੋਰਚਿਆਂ’ ਤੇ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿਚ ਟਿੱਕਰੀ ਬਾਰਡਰ ‘ਤੇ ਪ੍ਰੋਗਰਾਮ ਹੋਣਗੇ।
ਇਸ ਦੇ ਇਲਾਵਾ 24 ਅਪ੍ਰੈਲ ਨੂੰ ਜਦੋਂ ਦਿੱਲੀ ਮੋਰਚੇ ਨੂੰ 150 ਦਿਨ ਪੂਰੇ ਹੋ ਰਹੇ ਹਨ ਤਾਂ ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ ,ਜਿਸ ਵਿੱਚ ਕਿਸਾਨ, ਮਜ਼ਦੂਰਾਂ ਦੇ ਨਾਲ ਨਾਲ ਕਰਮਚਾਰੀ, ਵਿਦਿਆਰਥੀ, ਨੌਜਵਾਨ, ਕਾਰੋਬਾਰੀ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਦੇਸ਼ ਭਰ ਵਿੱਚ ਇਸ ਅੰਦੋਲਨ ਨੂੰ ਤੇਜ਼ ਕਰਨ ਦੀ ਯੋਜਨਾ ਨਾਲ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਦਾ ਇੱਕ ਰਾਸ਼ਟਰੀ ਪੱਧਰ ਤੇ ਕਨਵੈਨਸ਼ਨ ਕੀਤੀ ਜਾਵੇਗੀ।