ਚੰਡੀਗੜ੍ਹ – ਕਾਲੇ ਕਾਨੂੰਨਾਂ ਦੀ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੁਣ ਕਣਕ ਦਾ ਝਾੜ ਘੱਟ ਹੋਣ ਨਾਲ ਦੋਹਰੀ ਮਾਰ ਪਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੁਢਲੇ ਰੁਝਾਨਾਂ ਦੇ ਮੁਤਾਬਿਕ ਪ੍ਰਤੀ ਏਕੜ ਇਕ ਤੋਂ ਦੋ ਕੁਇੰਟਲ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋ ਰਿਹਾ ਹੈ। ਇਸ ਵਾਰ ਕੇਂਦਰ ਸਰਕਾਰ ਵਲੋਂ ਕਣਕ ਦਾ ਰੇਟ 1975 ਤੈਅ ਕੀਤਾ ਗਿਆ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਡੇਢ ਕੁਇੰਟਲ ਵੀ ਪ੍ਰਤੀ ਏਕੜ ਝਾੜ ਘੱਟ ਨਿਕਲਿਆਂ ਤਾਂ ਪੰਜਾਬ ਦੇ ਕਿਸਾਨਾਂ ਨੂੰ 2500 ਕਰੋੜ ਦਾ ਆਰਥਕ ਘਾਟਾ ਸਹਿਣਾ ਪੈਣਾ ਹੈ। ਪੰਜਾਬ ਸਰਕਾਰ ਨੇ ਇਸ ਵਾਰ ਮੰਡੀਆਂ ਵਿਚ 130 ਲੱਖ ਮੀਟਰਕ ਟਨ ਕਣਕ ਆਉਣ ਦੀ ਆਸ ਹੈ ਪਰ ਕਣਕ ਦਾ ਝਾੜ ਘੱਟ ਹੋਣ ਕਰਕੇ ਇਹ ਟੀਚਾ ਪੂਰਾ ਹੋਣਾ ਅਸੰਭਵ ਹੀ ਜਾਪਦਾ ਹੈ।
ਪਿਛਲੇ ਸਾਲ124 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਸੀ। ਪੰਜਾਬ ਵਿਚ ਇਸ ਵਾਰ ਕੁਲ 35.21 ਲੱਖ ਹੈਕਟੇਅਰ ਰਕਬੇ ਵਿਚ ਕਣਕ ਬੀਜੀਂ ਗਈ ਹੈ। ਖੇਤੀ ਮਾਹਿਰ ਕਹਿੰਦੇ ਹਨ ਕਿ ਮੀਂਹ ਘੱਟ ਪਿਆ ਹੈ ਤੇ ਦਾਣਾ ਜਦੋਂ ਪੱਕ ਰਿਹਾ ਸੀ ਤਾਂ ਉਸ ਵੇਲੇ ਵੱਧ ਪਈ ਗਰਮੀ ਕਰਕੇ ਝਾੜ ਤੇ ਅਸਰ ਪਿਆ ਹੈ।
ਹੁਣ ਕਣਕ ਦਾ ਦਾਣਾ ਗਰਮੀ ਨਾਲ ਪੇਤਲਾ ਹੋ ਗਿਆ ਹੈ। ਕਣਕ ਦੇ ਦਾਣੇ ਛੋਟੇ ਹੋਣ ਕਾਰਨ ਕਿਸਾਨ ਪਰੇਸ਼ਾਨ ਹਨ। ਕਿਸਾਨਾਂ ਨੇ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਪੰਜਾਬ ਨਾਲ ਆਹਢਾ ਲੈਣ ਲਈ ਕੇਂਦਰ ਸਰਕਾਰ ਕਣਕ ਦੀ ਖਰੀਦ ਵਿਚ ਵੀ ਅੜਿੱਕਾ ਪਾ ਸਕਦੀ ਹੈ।
ਅੰਕੜਿਆਂ ਮੁਤਾਬਕ ਪਿਛਲੇ ਸਾਲ ਕਣਕ ਦਾ ਝਾੜ ਸੂਬੇ ਪੱਧਰ ’ਤੇ ਸਾਢੇ 50 ਮਣ ਰਿਹਾ ਸੀ ਪ੍ਰੰਤੂ ਇਸ ਵਾਰ ਘਟਣ ਦੀ ਉਮੀਦ ਹੈ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਦੇ ਚਲਦਿਆਂ ਸਰਕਾਰ ਨੂੰ ਹੁਣ ਨਰਮੇ ਤੇ ਝੋਨੇ ਦੀ ਫ਼ਸਲ ਲਈ ਬੀਜਾਂ ਅਤੇ ਡੀਜ਼ਲ ਉਪਰ ਸਬਸਿਡੀ ਦੇਣੀ ਚਾਹੀਦੀ ਹੈ।