ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਮੁਫ਼ਤ ਟੀਕੇ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ 1 ਕਰੋੜ 34 ਲੱਖ ਟੀਕਿਆਂ ਦੀ ਖ਼ਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ, ਇਹ ਸੁਨਿਸ਼ਚਿਤ ਕਰਨ ਲਈ ਯਤਨ ਕਰਾਂਗੇ ਕਿ ਇਹ ਜਲਦੀ ਖ਼ਰੀਦਿਆ ਜਾਵੇ ਅਤੇ ਜਲਦੀ ਤੋਂ ਜਲਦੀ ਲੋਕਾਂ ਨੂੰ ਦਿੱਤਾ ਜਾਵੇ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਨੂੰ ਨੱਥ ਪਾਉਣ ਦਾ ਹੁਣ ਸਿਰਫ਼ ਇੱਕੋ ਚਾਰਾ ਬਚਿਆ ਤੇ ਉਹ ਹੈ ਕਰੋਨਾ ਵੈਕਸੀਨ ਕਿਉਂਕਿ ਦੇਖਣ ‘ਚ ਆਇਆ ਹੈ ਕਿ ਜਿਸਦੇ ਕੋਰੋਨਾ ਵੈਕਸੀਨ ਲੱਗਦੀ ਹੈ ਉਸਨੂੰ ਮੁੜ ਕੋਰੋਨਾ ਨਹੀਂ ਹੁੰਦਾ ਜੇ ਕਰੋਨਾ ਹੁੰਦਾ ਵੀ ਹੈ ਤਾਂ ਉਹ ਸ਼ਖਸ ਇੰਨਾ ਬਿਮਾਰ ਨਹੀਂ ਹੁੰਦਾ ਕਿ ਉਸਨੂੰ ਹਸਪਤਾਲ ‘ਚ ਭਰਤੀ ਕਰਾਉਣਾ ਪਵੇ ਤੇ ਅਜਿਹੇ ਮਰਜ਼ੀ ਜਲਦੀ ਠੀਕ ਵੀ ਹੋ ਜਾਂਦੇ ਹਨ। ਇਸਦੇ ਨਾਲ ਹੀ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਕੋਰੋਨਾ ਟੀਕੇ ਦਾ ਰੇਟ ਇੱਕੋ ਰੱਖਿਆ ਜਾਵੇ। ਇਸ ਸਮਾਂ ਮੁਨਾਫ਼ਾ ਕਮਾਉਣ ਦਾ ਨਹੀਂ ਬਲਕਿ ਲੋਕਾਈ ‘ਤੇ ਆਏ ਸੰਕਟ ਨਾਲ ਨਜਿੱਠਣ ਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਹੈ।