ਅੱਜ ਦਿੱਲੀ ਹਾਈਕੋਰਟ ‘ਚ ਆਕਸੀਜਨ ਸੰਕਟ ‘ਤੇ ਸੁਣਵਾਈ ਹੋਈ ਹੈ ਤੇ ਇਸ ਦੌਰਾਨ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਤਿੱਖੀ ਝਾੜ ਪਾਈ ਹੈ। ਹਾਈਕੋਰਟ ਨੇ ਕੇਂਦਰ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਤੁਸੀਂ ਅੰਨ੍ਹੇ ਹੋ ਸਕਦੇ ਹੋ ਅਸੀਂ ਨਹੀਂ, ਸਾਨੂੰ ਸਭ ਕੁਝ ਦਿਖਾਈ ਦੇ ਰਿਹਾ। ਇਹ ਭਾਵਨਾਤਮਕ ਮਾਮਲਾ ਹੈ, ਲੋਕਾਂ ਦੀ ਜਾਨ ਜਾ ਰਹੀ ਹੈ। ਅਜਿਹੇ ‘ਚ ਐਨੀ ਲਾਪਰਵਾਹੀ ਕੋਈ ਕਿਵੇਂ ਵਰਤ ਸਕਦਾ ਹੈ। ਹਾਈਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਵਾਰ ਵਾਰ ਆਕਸੀਜਨ ਲਈ ਮਦਦ ਮੰਗ ਰਹੀ ਹੈ ਫਿਰ ਦਿੱਲੀ ਦੀ ਮਦਦ ਕਿਉਂ ਨਹੀਂ ਕੀਤੀ ਜਾ ਰਹੀ। ਇਸ ‘ਤੇ ਕੇਂਦਰ ਨੇ ਕਿਹਾ ਕਿ ਜਿੰਨਾ ਸਾਡੇ ਤੋਂ ਹੋ ਰਿਹਾ ਅਸੀਂ ਕਰ ਰਹੇ ਹਾਂ। ਜਿਸਤੋਂ ਬਾਅਦ ਕੋਰਟ ਨੇ ਕੇਂਦਰ ‘ਤੇ ਸਖਤੀ ਦਿਖਾਈ ਤੇ ਕਿਹਾ ਕਿ ਕੋਈ ਐਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਹੈ। ਅਸੀਂ ਲੋਕਾਂ ਨੂੰ ਮਰਦਾ ਹੋਇਆ ਦੇਖ ਰਹੇ ਹਾਂ, ਲੋਕ ਬਿਨਾਂ ਆਕਸੀਜਨ ਦੇ ਦਮ ਤੋੜ ਰਹੇ ਹਨ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਕੇਂਦਰ ਨੇ 590 ਮੀਟਿਰਕ ਟਨ ਆਕਸੀਜਨ ਦਿੱਲੀ ਨੂੰ ਦੇਣੀ ਸੀ ਜੋ ਹੁਣ ਤੱਕ ਨਹੀਂ ਦਿੱਤੀ ਗਈ। ਹਾਈਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਕਹਿਣਾ ਨਾ ਮੰਨਣਾ ਸਿੱਧੇ ਤੌਰ ‘ਤੇ ਮਾਣਹਾਨੀ ਹੈ ਜਿਸ ‘ਤੇ ਕੇਂਦਰ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ ਕਰ ਰਹੇ ਹਾਂ ਕਿ ਦਿੱਲੀ ‘ਚ ਆਕਸੀਜਨ ਦੀ ਕਮੀ ਨਾ ਹੋਵੇ।