ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਅਕਸਰ ਤਣਾਅ ਅਤੇ ਗੰਭੀਰ ਮੁੱਦਿਆਂ ਨਾਲ ਘਿਰੇ ਰਹੇ ਹਨ। ਇਤਿਹਾਸਕ ਅਤੇ ਰਾਜਨੀਤਿਕ ਕਾਰਨਾਂ ਕਰਕੇ ਵੀ ਕਈ ਵਾਰ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਪੈਦਾ ਹੁੰਦੇ ਰਹੇ ਹਨ। ਇਸ ਦੇ ਨਾਲ ਹੀ ਹੁਣ ਗੁਆਂਢੀ ਦੇਸ਼ ਪਾਕਿਸਤਾਨ ਦਾ ਐਤਵਾਰ ਨੂੰ ਇਕ ਨਵਾਂ ਰੂਪ ਦੇਖਣ ਨੂੰ ਮਿਲਿਆ, ਜਿਸ ‘ਚ ਪਾਕਿਸਤਾਨ ਨੇ ਸਦਭਾਵਨਾ ਦਿਖਾਉਂਦੇ ਹੋਏ ਐਤਵਾਰ ਨੂੰ ਦੇਸ਼ ‘ਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ‘ਚ ਪਿਛਲੇ 5 ਸਾਲਾਂ ਤੋਂ ਜੇਲ ‘ਚ ਬੰਦ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ।
ਪਾਕਿਸਤਾਨ ਨੇ ਐਤਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਸਦਭਾਵਨਾ ਵਜੋਂ ਰਿਹਾਅ ਕਰ ਦਿੱਤਾ। ਉਹ ਪਾਕਿਸਤਾਨੀ ਜਲ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿੱਚ ਪਿਛਲੇ ਪੰਜ ਸਾਲਾਂ ਤੋਂ ਕਰਾਚੀ ਦੀ ਜੇਲ੍ਹ ਵਿੱਚ ਕੈਦ ਸਨ। ਇਨ੍ਹਾਂ ਮਛੇਰਿਆਂ ਨੂੰ ਕਰਾਚੀ ਦੇ ਲਾਂਧੀ ਇਲਾਕੇ ਦੀ ਮਲੇਰ ਜ਼ਿਲ੍ਹਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਮਛੇਰਿਆਂ ਨੂੰ ਵਾਹਗਾ ਸਰਹੱਦ ‘ਤੇ ਜਾਣ ਲਈ ਲਾਹੌਰ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ।
ਜੇਲ੍ਹ ਸੁਪਰਡੈਂਟ ਮੁਹੰਮਦ ਇਰਸ਼ਾਦ ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਹੁਕਮਾਂ ‘ਤੇ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ ਹੈ। ਸੁਪਰਡੈਂਟ ਨੇ ਦੱਸਿਆ ਕਿ ਮਛੇਰੇ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਸਨ। ਅੱਜ ਉਨ੍ਹਾਂ ਨੂੰ ਈਧੀ ਟਰੱਸਟ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਨ੍ਹਾਂ ਨੂੰ ਪੁਲਸ ਸੁਰੱਖਿਆ ਹੇਠ ਲਾਹੌਰ ਲੈ ਜਾਵੇਗਾ। ਇਰਸ਼ਾਦ ਦੇ ਅਨੁਸਾਰ, ਮਛੇਰਿਆਂ ਨੂੰ ਜੂਨ 2018 ਵਿੱਚ ਸਮੁੰਦਰੀ ਸੁਰੱਖਿਆ ਬਲ ਨੇ ਗ੍ਰਿਫ਼ਤਾਰ ਕੀਤਾ ਸੀ। ਈਧੀ ਟਰੱਸਟ ਦੇ ਮੁਖੀ ਫੈਜ਼ਲ ਈਧੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਾਰਤੀ ਮਛੇਰਿਆਂ ਦੀ ਯਾਤਰਾ ਦਾ ਸਾਰਾ ਖਰਚਾ ਚੁੱਕੇਗੀ। ਈਧੀ ਟਰੱਸਟ ਇੱਕ ਗੈਰ-ਲਾਭਕਾਰੀ ਸਮਾਜ ਭਲਾਈ ਸੰਸਥਾ ਹੈ।