ਬਾਬਾ ਰਾਮਦੇਵ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਤੋਂ ਬਾਅਦ ਹੁਣ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FDIMA) ਨੇ ਵੀ ਰਾਮਦੇਵ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ।FAIMA ਨੇ ਸਿਹਤ ਕਰਮਚਾਰੀਆਂ ਨਾਲ ਇੱਕਜੁੱਟਤਾ ਦਿਖਾਉਂਦੇ ਹੋਏ ਅਤੇ ਪੂਰੇ ਦੇਸ਼ ਵਿੱਚ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ (RDAs) ਵੱਲੋਂ ਰਾਮਦੇਵ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਦਰਅਸਲ, FAIMA ਨੇ ਕਿਹਾ ਕਿ ਬਾਬਾ ਰਾਮਦੇਵ ਨੇ ਸਸਤੇ ਪ੍ਰਚਾਰ ਲਈ ਐਲੋਪੈਥੀ ਨੂੰ ਲੈ ਕੇ ਬੇਬੁਨਿਆਦ ਦਾਅਵੇ ਕੀਤੇ, ਜਿਸ ਦੀ ਉਹ ਨਿੰਦਾ ਕਰਦੇ ਹਨ । ਨਾਲ ਹੀ, FAIMA ਨੇ ਰਾਮਦੇਵ ਨੂੰ ਖੁੱਲੇ ਤੌਰ ‘ਤੇ ਆਪਣੇ ਦਾਅਵਿਆਂ ਪਿੱਛੇ ਗਵਾਹੀ ਦੇਣ ਜਾਂ ਮੁਆਫੀ ਮੰਗਣ ਲਈ ਕਿਹਾ। ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਵੀ ਕੀਤਾ ਹੈ।ਗੌਰਤਲਬ ਹੈ ਕਿ ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਵਿੱਚ ਆਯੁਰਵੈਦ ਅਤੇ ਐਲੋਪੈਥਿਕ ਦੀ ਜੰਗ ਤੇਜ਼ ਹੋ ਗਈ ਹੈ। IMA ਨੇ ਬਾਬਾ ਰਾਮਦੇਵ ਦੇ ਬਿਆਨਾਂ ਅਤੇ ਨਵੇਂ ਵੀਡਿਓਜ਼ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਇਸ ਦੌਰਾਨ ਕਈ ਐਲੋਪੈਥਿਕ ਡਾਕਟਰਾਂ ਨੇ ਰਾਮਦੇਵ ਖਿਲਾਫ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ । ਇਸ ਦੇ ਨਾਲ ਹੀ ਉਨ੍ਹਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਵੀ ਭੇਜਿਆ ਗਿਆ ਹੈ।ਉੱਥੇ ਹੀ ਦੂਜੇ ਪਾਸੇ ਬਾਬਾ ਰਾਮਦੇਵ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਾਬਾ ਕਹਿ ਰਹੇ ਹਨ ਕਿ ਕਿਸੇ ਦਾ ਬਾਪ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ। ਹਾਲਾਂਕਿ, ਰਾਮਦੇਵ ਦੇ ਬਿਆਨ ਦੇ ਸਬੰਧ ਵਿੱਚ ਉਨ੍ਹਾਂ ਦੇ ਨਜ਼ਦੀਕੀ ਆਚਾਰੀਆ ਬਾਲਕ੍ਰਿਸ਼ਨ ਨੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਇਹ ਵੀਡੀਓ ਪੁਰਾਣੀ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ IMA ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਰਾਮਦੇਵ ਨੂੰ ਕੋਰੋਨਾ ਦੇ ਇਲਾਜ ਲਈ ਸਰਕਾਰ ਦੇ ਪ੍ਰੋਟੋਕੋਲ ਨੂੰ ਚੁਣੌਤੀ ਦੇਣ ਅਤੇ ਟੀਕਾਕਰਨ ਬਾਰੇ ਕਥਿਤ ਪ੍ਰਚਾਰ ਦੀ ਮੁਹਿੰਮ ਚਲਾਉਣ ਲਈ ਤੁਰੰਤ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।